ਪ੍ਰਯਾਗਰਾਜ:ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਗਰੁੱਪ ਉੱਤਰ ਪ੍ਰਦੇਸ਼ ’ਚ ਵੱਧ ਤੋਂ ਵੱਧ ਨਿਵੇਸ਼ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਗੱਲ ਅੱਜ ਇੱਥੇ ਆਪਣੀ ਪਤਨੀ ਪ੍ਰੀਤੀ ਅਡਾਨੀ ਨਾਲ ਮਹਾਂਕੁੰਭ ’ਚ ਸ਼ਾਮਲ ਹੋਣ ਮੌਕੇ ਆਖੀ। ਗੌਤਮ ਅਡਾਨੀ ਨੇ ਕਿਹਾ, ‘‘ਉੱਤਰ ਪ੍ਰਦੇਸ਼ ’ਚ ਬਹੁਤ ਜ਼ਿਆਦਾ ਮੌਕੇ ਹਨ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਕਾਸ ਨੂੰ ਲੈ ਕੇ ਜਿਸ ਦਿਸ਼ਾ ’ਚ ਕੰਮ ਕਰ ਰਹੀ ਹੈ ਉਸ ਵਿੱਚ ਅਡਾਨੀ ਗਰੁੱਪ ਦਾ ਲਗਾਤਾਰ ਯੋਗਦਾਨ ਰਹੇਗਾ। ਅਡਾਨੀ ਗਰੁੱਪ ਉੱਤਰ ਪ੍ਰਦੇਸ਼ ’ਚ ਵੱਧ ਤੋਂ ਵੱਧ ਨਿਵੇਸ਼ ਲਈ ਵਚਨਬੱਧ ਹੈ।’’ ਮਹਾਂਕੁੰਭ ਦੇ ਤਜਰਬੇ ਬਾਰੇ ਉਨ੍ਹਾਂ ਆਖਿਆ, ‘‘ਇਸ ਸ਼ਾਨਦਾਰ ਪ੍ਰਬੰਧ ਲਈ ਮੈਂ ਦੇਸ਼ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕਰਦਾ ਹਾਂ।’’ ਗੌਤਮ ਨੇ ਕਿਹਾ, ‘‘ਇਸ ਮੇਲੇ ’ਚ ਕਰੋੜਾਂ ਲੋਕ ਆਉਂਦੇ ਹਨ ਅਤੇ ਇੱਥੇ ਸਫ਼ਾਈ ਤੇ ਹੋਰ ਵਿਵਸਥਾਵਾਂ ਮੈਨਜਮੈਂਟ ਇੰਸਟੀਚਿਊਟਾਂ ਤੇ ਉਦਯੋਗਿਕ ਘਰਾਣਿਆਂ ਲਈ ਖੋਜ ਦਾ ਵਿਸ਼ਾ ਹਨ।’’ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੌਤਮ ਅਡਾਨੀ ਨੇ ਆਪਣੀ ਪਤਨੀ ਅਤੇ ਅਡਾਨੀ ਫਾਊਂਡੇਸ਼ਨ ਦੀ ਚੇਅਰਪਰਸਨ ਪ੍ਰੀਤੀ ਅਡਾਨੀ ਨਾਲ ਗੰਗਾ ’ਚ ਇਸ਼ਨਾਨ ਕੀਤਾ ਅਤੇ ਪੂਜਾ ਕੀਤੀ। ਉਹ ਸ਼ੰਕਰ ਵਿਮਾਨ ਮੰਡਪਮ ਮੰਦਰ ਵੀ ਗਏ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਨੇ ਮਹਾਂਕੁੰਭ ਮੇਲੇ ’ਚ ਪ੍ਰਸਾਦ ਵੰਡ ਲਈ ਇਸਕੌਨ ਨਾਲ ਗੱਠਜੋੜ ਕੀਤਾ ਹੈ। ਗੌਤਮ ਅਡਾਨੀ ਪ੍ਰਸਾਦ ਵੰਡ ਸੇਵਾ ’ਚ ਸ਼ਾਮਲ ਹੋਣ ਲਈ ਹੀ ਪ੍ਰਯਾਗਰਾਜ ਪਹੁੰਚੇ ਹਨ।
ਅਡਾਨੀ ਦੇੇ ਪੁੱਤਰ ਦਾ ਸੱਤ ਫਰਵਰੀ ਨੂੰ ਹੋਵੇਗਾ ਵਿਆਹ-ਕਾਰੋਬਾਰੀ ਗੌਤਮ ਅਡਾਨੀ ਦੇ ਛੋਟੇ ਜੀਤ ਦਾ ਵਿਆਹ 7 ਫਰਵਰੀ ਨੂੰ ਸਾਦੇ ਤੇ ਰਵਾਇਤੀ ਸਮਾਗਮ ਦੌਰਾਨ ਹੋਵੇਗਾ। ਜੀਤ ਦੀ ਮੰਗਣੀ ਸੂਰਤ ਦੇ ਹੀਰਾ ਵਪਾਰੀ ਜੈਮਿਨ ਸ਼ਾਹ ਦੀ ਬੇਟੀ ਨਾਲ ਦਿਵਾ ਸ਼ਾਹ ਨਾਲ ਹੋਈ ਸੀ। ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਵਾਂਗ ਜੀਤ ਦੇ ਧੂਮਧਾਮ ਨਾਲ ਵਿਆਹ ਦੇ ਕਿਆਸ ਸਬੰਧੀ ਸਵਾਲ ’ਤੇ ਅਡਾਨੀ ਨੇ ਕਿਹਾ, ‘‘ਬਿਲਕੁਲ ਨਹੀਂ। ਵਿਆਹ ਆਮ ਲੋਕਾਂ ਵਾਂਗ ਬਹੁਤ ਸਾਦੇ ਤੇ ਰਵਾਇਤੀ ਢੰਗ ਨਾਲ ਹੋਵੇਗਾ।’’