ਨਵੀਂ ਦਿੱਲੀ- ਜੀਓ ਨੇ ਐਲਨ ਮਸਕ ਦੇ ਸਪੇਸਐਕਸ ਨਾਲ ਹੱਥ ਮਿਲਾਇਆ ਰਿਲਾਇੰਸ ਗਰੁੱਪ ਦੀ ਡਿਜੀਟਲ ਸੇਵਾਵਾਂ ਕੰਪਨੀ ਜੀਓ ਪਲੈਟਫਾਰਮ ਲਿਮਟਿਡ ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ SpaceX ਨਾਲ ਕਰਾਰ ਸਹੀਬੰਦ ਕੀਤਾ ਹੈ। ਇਹ ਕਰਾਰ ਅਜਿਹੇ ਮੌਕੇ ਸਿਰੇ ਚੜ੍ਹਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਭਾਰਤੀ ਏਅਰਟੈੱਲ ਨੇ ਸਪੇਸਐਕਸ ਨਾਲ ਮਿਲਦਾ ਜੁਲਦਾ ਕਰਾਰ ਕੀਤਾ ਹੈ।
ਰਿਲਾਇੰਸ ਜੀਓ ਦੇ ਗਰੁੱਪ ਸੀਈਓ ਮੈਥਿਊ ਓਮਨ ਨੇ ਕਿਹਾ, ‘‘ਸਟਾਰਲਿੰਕ ਨੂੰ ਭਾਰਤ ਲਿਆਉਣ ਲਈ ਸਪੇਸਐਕਸ ਨਾਲ ਸਾਡਾ ਸਹਿਯੋਗ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਰਿਆਂ ਲਈ ਸਹਿਜ ਬਰਾਡਬੈਂਡ ਕੁਨੈਕਟੀਵਿਟੀ ਵੱਲ ਇੱਕ ਕਾਇਆਕਲਪ ਵਾਲੀ ਪੇਸ਼ਕਦਮੀ ਦੀ ਨਿਸ਼ਾਨਦੇਹੀ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਜੀਓ ਦੇ ਬਰਾਡਬੈਂਡ ਈਕੋਸਿਸਟਮ ਵਿੱਚ ਸਟਾਰਲਿੰਕ ਨੂੰ ਏਕੀਕ੍ਰਿਤ ਕਰਕੇ, ਅਸੀਂ ਆਪਣੀ ਪਹੁੰਚ ਨੂੰ ਵਧਾ ਰਹੇ ਹਾਂ ਅਤੇ ਇਸ ਏਆਈ-ਸੰਚਾਲਿਤ ਯੁੱਗ ਵਿੱਚ ਹਾਈ-ਸਪੀਡ ਬਰਾਡਬੈਂਡ ਦੀ ਭਰੋਸੇਯੋਗਤਾ ਅਤੇ ਰਸਾਈ ਨੂੰ ਵਧਾ ਰਹੇ ਹਾਂ, ਦੇਸ਼ ਭਰ ਦੇ ਭਾਈਚਾਰਿਆਂ ਅਤੇ ਕਾਰੋਬਾਰਾਂ ਨੂੰ ਸਸ਼ਕਤ ਬਣਾ ਰਹੇ ਹਾਂ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀਓ ਆਪਣੇ ਰਿਟੇਲ ਆਊਟਲੈਟਾਂ ਦੇ ਨਾਲ-ਨਾਲ ਆਪਣੇ ਆਨਲਾਈਨ ਸਟੋਰਫਰੰਟਾਂ ਰਾਹੀਂ ਸਟਾਰਲਿੰਕ ਹੱਲ ਉਪਲਬਧ ਕਰਵਾਏਗਾ।
ਉਧਰ ਸਪੇਸਐਕਸ ਦੇ ਪ੍ਰਧਾਨ ਤੇ ਸੀਓਓ ਗੈਵਿਨ ਸ਼ਾਟਵੈਲ (Gwynne Shotwell) ਨੇ ਕਿਹਾ, ‘‘ਅਸੀਂ ਭਾਰਤ ਦੀ ਕੁਨੈਕਟੀਵਿਟੀ ਨੂੰ ਅੱਗੇ ਵਧਾਉਣ ਲਈ ਜੀਓ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ। ਅਸੀਂ ਜੀਓ ਨਾਲ ਕੰਮ ਕਰਨ ਅਤੇ ਭਾਰਤ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਦੀ ਉਮੀਦ ਕਰਦੇ ਹਾਂ ਤਾਂ ਜੋ ਸਟਾਰਲਿੰਕ ਦੀਆਂ ਹਾਈ-ਸਪੀਡ ਇੰਟਰਨੈੱਟ ਸੇਵਾਵਾਂ ਦੀ ਲੋਕਾਂ, ਸੰਗਠਨਾਂ ਅਤੇ ਕਾਰੋਬਾਰਾਂ ਤੱਕ ਰਸਾਈ ਸੰਭਵ ਹੋ ਸਕੇ।’’