ਅੰਮ੍ਰਿਤਸਰ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਮੈਂਬਰ ਤੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੂੰ ਖੇਲ ਰਤਨ ਐਵਾਰਡ ਨਾ ਮਿਲਣ ਦਾ ਕੋਈ ਮਲਾਲ ਨਹੀਂ ਪਰ ਹਰਭਜਨ ਚਾਹੁੰਦੇ ਹਨ ਕਿ ਜੋ ਉਨ੍ਹਾਂ ਨਾਲ ਹੋਇਆ ਉਹ ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ।
ਗੁਰੂ ਨਗਰੀ ਵਿੱਚ ਆਪਣੀ ਕ੍ਰਿਕੇਟ ਅਕੈਡਮੀ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਭਮਨ ਗਿੱਲ ਇੱਕ ਵਧੀਆ ਖਿਡਾਰੀ ਹੈ ਤੇ ਉਸ ਨੂੰ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਉਸ ਤੋਂ ਉੱਪਰ ਰੋਹਿਤ ਸ਼ਰਮਾ ਸ਼ਿਖਰ ਧਵਨ ਵਰਗੇ ਖਿਡਾਰੀਆਂ ਦੀ ਸੂਚੀ ਹੈ। ਹਰਭਜਨ ਮੁਤਾਬਕ ਹਰੇਕ ਖਿਡਾਰੀ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿੱਚੋਂ ਅੱਠ ਦਸ ਖਿਡਾਰੀ ਹਮੇਸ਼ਾਂ ਇਸ ਸੂਚੀ ਦੇ ਵਿੱਚ ਹੋਣ।
ਭਾਰਤੀ ਟੀਮ ਦੇ ਕੋਚ ਬਾਰੇ ਭੱਜੀ ਨੇ ਕਿਹਾ ਕਿ ਰਵੀ ਸ਼ਾਸਤਰੀ ਟੀਮ ਦੇ ਮਾਹੌਲ ਨੂੰ ਜਾਣਦੇ ਹਨ ਅਤੇ ਟੀਮ ਨਾਲ ਕਿਵੇਂ ਚੱਲਣਾ ਹੈ ਉਨ੍ਹਾਂ ਨੂੰ ਵਧੀਆ ਪਤਾ ਹੈ। ਯੁਵਰਾਜ ਵਾਂਗ ਕੈਨੇਡਾ ਲੀਗ ਬਾਰੇ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਕੈਨੇਡਾ ਲੀਗ ਜਾਂ ਕੋਈ ਹੋਰ ਲਈ ਖੇਡਣ ਦਾ ਕੋਈ ਇਰਾਦਾ ਨਹੀਂ ਕਿਉਂਕਿ ਉਹ ਆਈਪੀਐਲ ਖੇਡ ਰਹੇ ਹਨ ਅਤੇ ਬਾਕੀ ਸਮਾਂ ਆਪਣੇ ਪਰਿਵਾਰ ਤੇ ਕ੍ਰਿਕਟ ਨੂੰ ਦਿੰਦੇ ਹਨ।ਹਰਭਜਨ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਪਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਸ ਨੂੰ ਦੋਵਾਂ ਪਾਰਟੀਆਂ (ਭਾਜਪਾ ਤੇ ਕਾਂਗਰਸ) ਵੱਲੋਂ ਚੋਣ ਲੜਨ ਦੀ ਆਫਰ ਕੀਤੀ ਗਈ ਸੀ ਪਰ ਉਨ੍ਹਾਂ ਨੇ ਖੁਦ ਨੂੰ ਨੌਜਵਾਨ ਦੱਸਦੇ ਹੋਏ ਮਨ੍ਹਾਂ ਕਰ ਦਿੱਤਾ ਸੀ।
ਭੱਜੀ ਨੇ ਕਿਹਾ ਕਿ ਉਹ ਜਿੰਨਾ ਸਮਾਂ ਵੀ ਪੰਜਾਬ ਦੇ ਵਿੱਚ ਰਹਿਣਗੇ ਉਸ ਵਿੱਚੋਂ ਕਾਫ਼ੀ ਸਮਾਂ ਅੰਮ੍ਰਿਤਸਰ ਦੇ ਵਿੱਚ ਹੀ ਗੁਜ਼ਾਰਨਗੇ ਕਿਉਂਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਅੱਜ ਜੋ ਕੋਈ ਕ੍ਰਿਕਟ ਖੇਡਣਾ ਚਾਹੁੰਦਾ ਹੈ ਉਹ ਉਨ੍ਹਾਂ ਦੇ ਕੋਲੋਂ ਕੁਝ ਸਿੱਖ ਸਕੇ ਅਤੇ ਉਹ ਕਿਸੇ ਨੂੰ ਕੁਝ ਸਿਖਾ ਸਕਣ।
ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੰਜ ਮੈਂਬਰੀ ਖੇਡਾਂ ਲਈ ਕਮੇਟੀ ਲਈ ਚੁਣਿਆ ਹੈ ਤੇ ਇਸ ਦਾ ਮਕਸਦ ਖੇਡਾਂ ਦੇ ਪੱਧਰ ਨੂੰ ਉੱਪਰ ਚੁੱਕਣਾ ਹੋਵੇਗਾ। ਹਾਲਾਂਕਿ ਇਸ ਕਮੇਟੀ ਦੀ ਹਾਲੇ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਕੋਈ ਗੱਲਬਾਤ ਪਰ ਉਨ੍ਹਾਂ ਦਾ ਮਕਸਦ ਇਹੀ ਰਹੇਗਾ ਕਿ ਖਿਡਾਰੀਆਂ ਨੂੰ ਅਤੇ ਖੇਡਾ ਨੂੰ ਉੱਪਰ ਲਿਜਾਇਆ ਜਾ ਸਕੇ।