ਉਹ ਕੀ ਸੀ ਤੇ ਕੌਣ ਸਨ ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਵੀ ਅਣਸੁਲਝੇ ਹਨ। ਅਮਰੀਕਾ ਖ਼ੁਫ਼ੀਆ ਵਿਭਾਗ ਦੀ ਤਾਜਾ ਰਿਪੋਰਟ ਦੁਨੀਆ ‘ਚ ਵੇਖੇ ਗਏ ਅਜੀਬ ਤਰ੍ਹਾਂ ਦੇ ਲੋਕਾਂ ਤੇ ਚੀਜ਼ਾਂ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਦੇ ਸਕੀ। ਏਲੀਅਨ, ਉੱਡਣ ਤਸ਼ਤਰੀ ਆਦਿ ਨੂੰ ਲੈ ਕੇ ਕਈ ਦਹਾਕਿਆਂ ਤੋਂ ਚੱਲ ਰਹੀਆਂ ਕਿਆਸ ਅਰਾਈਆਂ, ਟੀਵੀ ਪ੍ਰੋਗਰਾਮ ਤੇ ਫਿਲਮਾਂ ਤੋਂ ਇਲਾਵਾ ਕੁਝ ਵੀ ਅਜਿਹਾ ਸਾਹਮਣੇ ਨਹੀਂ ਆਇਆ ਜਿਸ ਬਾਰੇ ਕੋਈ ਪੁਖਤਾ ਗੱਲ ਕਹੀ ਜਾ ਸਕੇ। ਇਸ ਲਈ ਧਰਤੀ ਤੋਂ ਇਲਾਵਾ ਕੋਈ ਹੋਰ ਦੁਨੀਆਂ ਦੇ ਹੋਣ ਬਾਰੇ ਲਾਈਆਂ ਜਾਣ ਵਾਲੀਆਂ ਕਿਆਸ ਅਰਾਈਆਂ ਸੱਚ ਤੋਂ ਕੋਹਾਂ ਦੂਰ ਜਾਪ ਰਹੀਆਂ ਹਨ।
ਅਮਰੀਕੀ ਖ਼ੁਫ਼ੀਆ ਵਿਭਾਗ ਦੇ ਜਾਂਚ ਟੀਮਾਂ ਵੱਲੋਂ ਕਈ ਸਾਲ ਕੋਸ਼ਿਸ਼ ਕਰਨ ਦੇ ਬਾਵਜੂਦ ਏਲੀਅਨ ਦੀ ਮੌਜੂਦਗੀ ਤੇ ਦੂਜੀ ਕੋਈ ਹੋਰ ਦੁਨੀਆਂ ਬਾਰੇ ਕੋਈ ਠੋਸ ਸਬੂਤ ਨਹੀਂ ਮਿਲੇ ਹਨ। ਏਲੀਅਨ ਦੀ ਹੋਂਦ ਨੂੰ ਲੈ ਕੇ ਅਜੇ ਵੀ ਸਥਿਤੀ ਸਪਸ਼ਟ ਨਹੀਂ ਹੈ। ਅਮਰੀਕੀ ਸੰਸਦ ਦੇ ਸਾਹਮਣੇ ਇਸ ਮਹੀਨੇ ਦੇ ਅਖੀਰ ‘ਚ ਰੱਖੀ ਜਾਣ ਵਾਲੀ ਰਿਪੋਰਟ ਦੇ ਸਬੰਧ ‘ਚ ਦੋ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਹਵਾਈ ਫ਼ੌਜ ਦੇ ਪਾਇਲਟਾਂ ਵੱਲੋਂ ਵੇਖੇ ਗਏ ਸਰਗਰਮ ਪਰਛਾਵਿਆਂ ਬਾਰੇ ਸਰਕਾਰ ਕੋਈ ਵੀ ਸਪਸ਼ਟ ਜਾਣਕਾਰੀ ਦੇਣ ਦੀ ਸਥਿਤੀ ‘ਚ ਨਹੀਂ ਹੈ।
ਰਿਪੋਰਟ ‘ਚ ਇਸ ਸੰਭਾਵਨਾਵਾਂ ਨੂੰ ਵੀ ਰੱਦ ਨਹੀਂ ਕੀਤਾ ਗਿਆ ਕਿ ਪਾਇਲਟਾਂ ਵੱਲੋਂ ਵੇਖੇ ਗਏ ਸਰਗਰਮ ਪਰਛਾਵੇਂ ਕਿਸੇ ਹੋਰ ਦੇਸ਼ ਦੀ ਵਿਕਸਿਤ ਤਕਨੀਕ ਦਾ ਹਿੱਸਾ ਨਹੀਂ ਸਨ। ਦੋਵੇਂ ਅਧਿਕਾਰੀਆਂ ਦੀ ਇਹ ਰਾਏ ਅਧਿਕਾਰਤ ਨਹੀਂ ਸੀ ਪਰ ਪਛਾਣ ਨਾ ਦੱਸੇ ਜਾਣ ਦੀ ਸ਼ਰਤ ‘ਤੇ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਕਾਂਗਰਸ ਸਾਹਮਣੇ ਪੇਸ਼ ਹੋਣ ਵਾਲੀ ਰਿਪੋਰਟ ‘ਚ ਇਨ੍ਹਾਂ ਏਲੀਅਨ ਬਾਰੇ ਪੈਦਾ ਹੋਏ ਰਹੱਸ ਤੋਂ ਪਰਦਾ ਨਹੀਂ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਏਲੀਅਨ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਮਰੀਕਾ ਦੀਆਂ ਕਈ ਏਜੰਸੀਆਂ ਲੱਗੀਆਂ ਹੋਈਆਂ ਹਨ।