ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੇ ਖਾਰਖੂ ਐੱਨਖਮਾਂਡਾਖੀ ਨੂੰ ਸਖ਼ਤ ਮੁਕਾਬਲੇ ਵਿਚ ਹਰਾ ਕੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਲਗਾਤਾਰ ਦੂਜੀ ਵਾਰ ਆਪਣਾ ਮੈਡਲ ਪੱਕਾ ਕਰ ਲਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜੇਤੂ ਇਸ ਮੁੱਕੇਬਾਜ਼ ਨੂੰ 3-2 ਨਾਲ ਮਿਲੀ ਜਿੱਤ ਤੋਂ ਬਾਅਦ ਭਾਰਤ ਦਾ ਟੂਰਨਾਮੈਂਟ ਵਿਚ ਘੱਟੋ-ਘੱਟ 13 ਮੈਡਲ ਜਿੱਤਣਾ ਤੈਅ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੀਆਂ ਤਿੰਨ ਮਹਿਲਾਵਾਂ ਸਮੇਤ ਚਾਰ ਮੁੱਕੇਬਾਜ਼ਾਂ ਨੇ ਜਿੱਤ ਨਾਲ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੰਜੀਤ (91 ਕਿਲੋਗ੍ਰਾਮ), ਸਾਕਸ਼ੀ (54 ਕਿਲੋਗ੍ਰਾਮ), ਜੈਸਮੀਨ (57 ਕਿਲੋਗ੍ਰਾਮ) ਤੇ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਸਿਮਰਨਜੀਤ ਕੌਰ (60 ਕਿਲੋਗ੍ਰਾਮ) ਨੇ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਜਿੱਤ ਦਰਜ ਕਰ ਕੇ ਆਖ਼ਰੀ ਚਾਰ ਵਿਚ ਪੁੱਜ ਕੇ ਮੈਡਲ ਪੱਕੇ ਕੀਤੇ। ਭਾਰਤ ਦੇ ਸੱਤ ਮੈਡਲ ਡਰਾਅ ਦੇ ਦਿਨ ਹੀ ਯਕੀਨੀ ਬਣ ਗਏ ਸਨ। ਸ਼ਿਵ ਥਾਪਾ ਨੇ ਵੀ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਥਾਂ ਬਣਾਈ।