vikas krishan win silver: ਓਲੰਪਿਕ ਦੀ ਟਿਕਟ ਹਾਸਿਲ ਕਰ ਚੁੱਕੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਵਿਕਾਸ ਕ੍ਰਿਸ਼ਨ (69 ਕਿਲੋਗ੍ਰਾਮ) ਨੂੰ ਏਸ਼ੀਆ / ਓਸ਼ੇਨੀਆ ਕੁਆਲੀਫਾਇਰ ਵਿੱਚ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਹੈ। ਵਿਕਾਸ ਨੂੰ ਅੱਖ ਦੀ ਸੱਟ ਲੱਗਣ ਕਾਰਨ ਬੁੱਧਵਾਰ ਨੂੰ ਫਾਈਨਲ ਤੋਂ ਬਾਹਰ ਹੋਣਾ ਪਿਆ ਹੈ। ਵਿਸ਼ਵ ਅਤੇ ਏਸ਼ੀਅਨ ਤਮਗਾ ਜੇਤੂ ਵਿਕਾਸ ਕ੍ਰਿਸ਼ਨ ਨੇ ਖ਼ਿਤਾਬੀ ਮੈਚ ਵਿੱਚ ਜਾਰਡਨ ਦੇ ਈਸੇਹ ਹੁਸੈਨ ਦਾ ਸਾਹਮਣਾ ਕਰਨਾ ਸੀ। ਇਸ ਸਟਾਰ ਮੁੱਕੇਬਾਜ਼ ਦੇ ਨਜ਼ਦੀਕੀ ਸੂਤਰ ਨੇ ਕਿਹਾ, “ਉਹ ਕੱਟ ਲੱਗਣ ਕਾਰਨ ਰਿੰਗ ਵਿੱਚ ਦਾਖਿਲ ਨਹੀਂ ਹੋਵੇਗਾ। ਵਿਕਾਸ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਉਹ ਮੁਕਾਬਲੇ ਵਿੱਚੋਂ ਬਾਹਰ ਹੋ ਜਾਵੇ।”
ਦਰਅਸਲ, ਵਿਕਾਸ ਕ੍ਰਿਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸੈਮੀਫਾਈਨਲ ਵਿੱਚ ਉਸ ਨੇ ਕਜ਼ਾਕਿਸਤਾਨ ਦੇ ਅਬਲੀਖਨ ਜੂਸੁਪੋਵ ਨੂੰ ਹਰਾਇਆ। ਬਾਊਟ ਦੇ ਦੂਜੇ ਗੇੜ ਵਿੱਚ ਉਸ ਦੀ ਖੱਬੀ ਅੱਖ ਦੇ ਹੇਠਾਂ ਸੱਟ ਲੱਗੀ ਸੀ। ਵਿਕਾਸ ਤੋਂ ਇਲਾਵਾ ਸੱਤ ਹੋਰ ਭਾਰਤੀ ਮੁੱਕੇਬਾਜ਼ਾਂ ਨੇ ਟੋਕਿਓ ਓਲੰਪਿਕ ਵਿੱਚ ਕੁਆਲੀਫਾਈ ਕੀਤਾ ਹੈ। ਭਾਰਤ ਦੀ ਨਜ਼ਰ ਹੁਣ ਸਿਮਰਨਜੀਤ ਕੌਰ (60 ਕਿੱਲੋ) ‘ਤੇ ਹੈ, ਜੋ ਫਾਈਨਲ ਵਿੱਚ ਕੋਰੀਆ ਦੀ ਓ ਯੀਓਨ-ਜੀ ਨਾਲ ਭਿੜੇਗੀ।