Veteran Athlete Man Kaur: ਜੇਕਰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇਰਾਦਾ ਪੱਕਾ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ । ਜਿਸਨੂੰ 103 ਸਾਲਾਂ ਦੌੜਾਕ ਮਾਤਾ ਮਾਨ ਕੌਰ ਤੇ ਉਸ ਦੇ ਸਪੁੱਤਰ 82 ਸਾਲਾ ਗੁਰਦੇਵ ਸਿੰਘ ਨੇ ਸੱਚ ਕਰ ਦਿਖਾਇਆ ਹੈ । ਇਨ੍ਹਾਂ ਨੇ ਮਲੇਸ਼ੀਆ ਵਿੱਚ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ-2019 ਵਿੱਚ 7 ਮੈਡਲ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾ ਕੇ ਮਿਸਾਲ ਕਾਇਮ ਕਰ ਦਿੱਤੀ ਹੈ । ਇਸ ਚੈਂਪੀਨਸ਼ਪ ਵਿੱਚ ਮਾਤਾ ਮਾਨ ਕੌਰ ਨੇ 100 ਤੇ 200 ਮੀਟਰ ਵਿੱਚ 2 ਗੋਲਡ ਮੈਡਲ, ਜੈਵਲਿਨ ਥਰੋਅ ਵਿੱਚ 1 ਗੋਲਡ ਮੈਡਲ, ਸ਼ਾਟਪੁੱਟ ਵਿੱਚ 1 ਗੋਲਡ ਮੈਡਲ ਜਿੱਤਿਆ ਹੈ ।
ਉਥੇ ਹੀ ਗੁਰਦੇਵ ਸਿੰਘ ਨੇ 100, 200 ਮੀਟਰ ਦੌੜਾਂ ਵਿੱਚ 2 ਸਿਲਵਰ ਅਤੇ ਅਰਲੇ ਟੀਮ ਵਿੱਚ 1 ਗੋਲਡ ਮੈਡਲ ਜਿੱਤ ਕੇ ਇਹ ਉਪਲੱਬਧੀ ਹਾਸਿਲ ਕੀਤੀ ਹੈ । ਇਸ ਸਬੰਧੀ ਦੌੜਾਕ ਮਾਨ ਕੌਰ ਦੇ ਕੋਚ ਨੇ ਦੱਸਿਆ ਕਿ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕੁੱਲ 29 ਦੇਸ਼ਾਂ ਦੇ ਕਾਮਨਵੈਲਥ ਏਸ਼ੀਆ ਖੇਡੇ 35 ਸਾਲ ਤੋਂ ਵੱਧ ਵਾਲੇ 2500 ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਸੀ । ਜਿਸ ਵਿੱਚ ਮਾਤਾ ਮਾਨ ਕੌਰ ਨੇ 2 ਗੋਲਡ ਮੈਡਲ ਜਿੱਤ ਕੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ ।
ਮਾਤਾ ਮਾਨ ਕੌਰ ਦੇ ਕੋਚ ਨੇ ਦੱਸਿਆ ਕਿ ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ । ਜਿਸ ਵਿੱਚ ਉਹ ਹੁਣ ਤੱਕ ਉਹ 90 ਗੋਲਡ ਮੈਡਲ ਜਿੱਤ ਚੁੱਕੇ ਹਨ । ਇਸ ਤੋਂ ਇਲਾਵਾ ਮਾਨ ਕੌਰ 6 ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਚੁੱਕੇ ਹਨ ਅਤੇ ਵਿਸ਼ਵ ਦੀਆਂ 10 ਪ੍ਰਸਿੱਧ ਸਿੱਖ ਪ੍ਰਭਾਵਸ਼ਾਲੀ ਔਰਤਾਂ ਵਿੱਚ ਵੀ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ ।
ਉਨ੍ਹਾਂ ਦੱਸਿਆ ਕਿ ਮਾਤਾ ਮਾਨ ਕੌਰ ਦੇ ਸਪੁੱਤਰ ਗੁਰਦੇਵ ਸਿੰਘ ਨੇ ਆਪਣੀ ਮਾਂ ਨੂੰ ਅੰਤਰਰਾਸ਼ਟਰੀ ਦੌੜਾਕ ਬਣਾਉਣ ਲਈ ਕੋਚ ਦੀ ਭੂਮਿਕਾ ਨਿਭਾਈ ਹੈ, ਦੱਸ ਦੇਈਏ ਕਿ ਗੁਰਦੇਵ ਸਿੰਘ ਵੀ ਅੰਤਰਰਾਸ਼ਟਰੀ ਦੌੜਾਕ ਹੈ । ਜਿਸਨੇ ਹੁਣ ਤੱਕ 25 ਗੋਲਡ ਮੈਡਲ ਦੌੜਾਂ ਅਤੇ ਸ਼ਾਟਪੁੱਟ ਵਿੱਚ ਜਿੱਤ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ । ਮਾਤਾ ਮਾਨ ਕੌਰ ਤੇ ਗੁਰਦੇਵ ਸਿੰਘ ਨੇ 150 ਮੈਡਲ ਜਿੱਤ ਕੇ ਪੰਜਾਬ ਦਾ ਨਾਂ ਦੇਸ਼-ਵਿਦੇਸ਼ਾਂ ਵਿੱਚ ਉੱਚਾ ਕੀਤਾ ਹੈ ।