ਚੰਡੀਗੜ੍ਹ: ਸੰਸਦ ਮੈਂਬਰ ਬਣਨ ਤੋਂ ਬਾਅਦ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਫਿਲਮਾਂ ਲਈ ਆਪਣੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਾ ਅਸਰ ਉਨ੍ਹਾਂ ਦੀ ਫ਼ਿਲਮ ‘ਫ਼ਤਹਿ ਸਿੰਘ’ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ‘ਫ਼ਤਹਿ ਸਿੰਘ’ ਲਈ ਸੰਨੀ ਦਿਓਲ ਨੇ 5 ਕਰੋੜ ਰੁਪਏ ਦੀ ਰਕਮ ਦੀ ਮੰਗ ਕੀਤੀ। ਇਹ ਨਿਰਮਾਤਾਵਾਂ ਨੂੰ ਬੇਹੱਦ ਜ਼ਿਆਦਾ ਲੱਗੀ, ਕਿਉਂਕਿ ਫ਼ਿਲਮ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਲੰਦਨ ਵਿੱਚ ਹੋਣੀ ਹੈ। ਉੱਥੋਂ ਦੇ ਕਾਸਟ ਤੇ ਕਰੂ ਮੈਂਬਰਾਂ ਦੇ ਨਾਲ-ਨਾਲ ਵੱਡੀ ਤਾਦਾਦ ਵਿੱਚ ਲੋਕਲ ਕਲਾਕਾਰਾਂ ਦੀ ਵੀ ਕਾਸਟਿੰਗ ਹੋਣੀ ਹੈ।
ਸੂਤਰਾਂ ਨੇ ਦੱਸਿਆ ਕਿ ਫ਼ਿਲਮ ਲਈ ਭਾਰੀ ਵੀਐਫਐਕਸ ਦੀ ਵੀ ਪਲਾਨਿੰਗ ਕੀਤੀ ਗਈ ਹੈ। ਲਿਹਾਜ਼ਾ ਫ਼ਿਲਮ ਦੇ ਖ਼ਰਚ ਵਿੱਚ ਫੀਸ ਤੋਂ ਹਟ ਕੇ ਬਾਕੀ ਡਿਪਾਰਟਮੈਂਟ ‘ਤੇ 15 ਤੋਂ 18 ਕਰੋੜ ਰੁਪਏ ਦਾ ਖ਼ਰਚਾ ਤੈਅ ਹੈ। ਉਸ ‘ਤੇ ਸੰਨੀ ਦਿਓਲ ਦੇ ਇਕੱਲੇ ਪੰਜ ਕਰੋੜ ਦੀ ਫੀਸ ਦਾ ਬੋਝ ਕਾਫੀ ਵਧ ਸਕਦਾ ਹੈ। ਨਤੀਜਨ ਮੇਕਰਸ ਨੇ ਤੈਅ ਕੀਤਾ ਹੈ ਕਿ ‘ਫ਼ਤਹਿ ਸਿੰਘ’ ਕਿਸੇ ਹੋਰ ਅਦਾਕਾਰ ਨਾਲ ਬਣਾਈ ਜਾਏਗੀ। ਦੱਸ ਦੇਈਏ ਇਹ ਫ਼ਿਲਮ ਅੱਜ ਦੇ ਦੌਰ ਦੀ ਕਹਾਣੀ ਹੈ।
ਫ਼ਿਲਮ ‘ਫ਼ਤਹਿ ਸਿੰਘ’ ਰਾਜਕੁਮਾਰ ਸੰਤੋਸ਼ੀ ਦਾ ਡ੍ਰੀਮ ਪ੍ਰੋਜੈਕਟ ਹੈ। ਉਹ ਲੰਮੇ ਸਮੇਂ ਤੋਂ ਇਸ ਫ਼ਿਲਮ ਨੂੰ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦੇ ਜ਼ਰੀਏ ਉਹ ਸੰਨੀ ਦਿਓਲ ਦੇ ਨਾਲ ਆਪਣੇ ਵਿਗੜੇ ਰਿਸ਼ਤੇ ਸੁਧਾਰਨ ਵਿੱਚ ਵੀ ਲੱਗੇ ਹੋਏ ਹਨ। ਹਾਲਾਂਕਿ ਉਨ੍ਹਾਂ ਦਾ ਇਹ ਸੁਫ਼ਨਾ ਫਿਲਹਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖ਼ਾਸ ਤੌਰ ‘ਤੇ ਇਸ ਦੇ ਪ੍ਰੋਡਿਊਸਰਜ਼ ਨੇ ਤੈਅ ਕਰ ਲਿਆ ਹੈ ਕਿ ਸੰਨੀ ਦਿਓਲ ਦੀ ਥਾਂ ਸਾਊਥ ਦੇ ਕਿਸੇ ਵੱਡੇ ਹੀਰੋ ਨਾਲ ਫਿਲਮ ਨੂੰ ਅੱਗੇ ਵਧਾਇਆ ਜਾਏ।