ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਗਾਜ਼ਾ ਪੱਟੀ ‘ਚ ਸੰਚਾਰ ਅਤੇ ਇੰਟਰਨੈੱਟ ਦੀਆਂ ਸੁਵਿਧਾਵਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਜਿਸ ਤੋਂ ਬਾਅਦ ਐਲਨ ਮਸਕ ਮਦਦ ਲਈ ਅੱਗੇ ਆਏ ਹਨ। ਘੋਸ਼ਣਾ ਕਰਦਿਆਂ ਹੋਇਆਂ ਐਲਨ ਮਸਕ ਨੇ ਕਿਹਾ ਕਿ ਉਹ ਗਾਜ਼ਾ ਪੱਟੀ ਵਿੱਚ ਮਾਨਵਤਾਵਾਦੀ ਰਾਹਤ ਲਈ ਆਪਣੀ ਸਟਾਰਲਿੰਕ ਇੰਟਰਨੈਟ ਸਹੂਲਤ ਪ੍ਰਦਾਨ ਕਰਨਗੇ। ਉੱਥੇ ਹੀ ਐਲਨ ਮਸਕ ਦੇ ਇਸ ਕਦਮ ਤੋਂ ਬਾਅਦ ਇਜ਼ਰਾਈਲ ਭੜਕ ਗਿਆ ਹੈ। ਇਜ਼ਰਾਈਲ ਨੇ ਧਮਕੀ ਦਿੰਦਿਆਂ ਹੋਇਆਂ ਕਿਹਾ ਕਿ ਇਜ਼ਰਾਈਲ ਇਸ ਨਾਲ ਲੜਨ ਲਈ ਹਰ ਤਰ੍ਹਾਂ ਦਾ ਇਸਤੇਮਾਲ ਕਰੇਗਾ।ਇਜ਼ਰਾਈਲ ਦੇ ਸੰਚਾਰ ਮੰਤਰੀ ਸ਼ਲੋਮੋ ਕਰਹੀ ਨੇ ਸੋਸ਼ਲ ਮੀਡੀਆ ਰਾਹੀਂ ‘ਐਕਸ’ ‘ਤੇ ਕਿਹਾ ਕਿ ਐਲਨ ਮਸਕ ਵਲੋਂ ਮੁਹੱਈਆ ਕਰਵਾਏ ਗਏ ਇੰਟਰਨੈਟ ਦੀ ਵਰਤੋਂ ਹਮਾਸ ਵੱਲੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾਵੇਗੀ। ਸ਼ਲੋਮੋ ਕਰਹੀ ਨੇ ਅੱਗੇ ਕਿਹਾ ਕਿ ਸ਼ਾਇਦ ਮਸਕ ਸਾਡੇ ਅਗਵਾ ਕੀਤੇ ਬੱਚਿਆਂ, ਬਜ਼ੁਰਗਾਂ ਅਤੇ ਧੀਆਂ ਦੀ ਰਿਹਾਈ ਦੀ ਸ਼ਰਤ ਦੇ ਬਦਲੇ ਇੰਟਰਨੈਟ ਨੂੰ ਬਹਾਲ ਕਰਨ ਲਈ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਵੇਗਾ। ਉਦੋਂ ਤੱਕ ਮੇਰੇ ਦਫ਼ਤਰ ਦਾ ਸਟਾਰਲਿੰਕ ਨਾਲ ਕੋਈ ਸਬੰਧ ਨਹੀਂ ਹੋਵੇਗਾ।ਅਲੇਕਜ਼ੈਂਡਰੀਆ ਓਕਾਸੀਓ-ਕੋਰਟੇਜ਼ ਨੇ ਐਕਸ ‘ਤੇ ਇੱਕ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ 2.2 ਮਿਲੀਅਨ ਦੀ ਆਬਾਦੀ ਲਈ ਸਾਰੇ ਸੰਚਾਰ ਬੰਦ ਕਰਨਾ ਅਸਵੀਕਾਰਨਯੋਗ ਹੈ। ਪੱਤਰਕਾਰ, ਡਾਕਟਰੀ ਪੇਸ਼ੇਵਰ, ਮਾਨਵਤਾਵਾਦੀ ਕੋਸ਼ਿਸ਼ਾਂ ਅਤੇ ਨਿਰਦੋਸ਼ ਸਾਰੇ ਖ਼ਤਰੇ ਵਿੱਚ ਹਨ।” “ਮੈਨੂੰ ਨਹੀਂ ਪਤਾ ਕਿ ਅਜਿਹੀ ਕਾਰਵਾਈ ਦਾ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਨੇ ਇਤਿਹਾਸਕ ਤੌਰ ‘ਤੇ ਇਸ ਅਭਿਆਸ ਦੀ ਨਿੰਦਾ ਕੀਤੀ ਹੈ। ਜਵਾਬ ਵਿੱਚ, ਐਲਨ ਮਸਕ ਨੇ ਪੋਸਟ ਕੀਤਾ ਕਿ ਸਟਾਰਲਿੰਕ ਗਾਜ਼ਾ ਵਿੱਚ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਸਹਾਇਤਾ ਸੰਸਥਾਵਾਂ ਨਾਲ ਸੰਪਰਕ ਦਾ ਸਮਰਥਨ ਕਰੇਗਾ।