ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਲੱਗੇ ਮੋਰਚੇ ਦੇ ਪੰਜਵੇਂ ਦਿਨ ਰਸਦ ਪਾਣੀ, ਡੰਡਾ,ਬਾਟਾ ਨਾਲ ਲੈ ਕੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ਼ ਨੇ ਐਲਾਨ ਕੀਤਾ ਕਿ ਭਾਵੇਂ 306 ਦਾ ਥਾਣਾ ਸਿਟੀ ਜ਼ੀਰਾ ਵਿਚ ਕੀਤਾ ਝੂਠਾ ਪਰਚਾ ਰੱਦ ਕਰ ਦਿੱਤਾ ਪਰ 77 ਕਨਾਲ ਜ਼ਮੀਨ ਦਾ ਕਾਨੂੰਨੀ ਤੌਰ ਉੱਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਸਟੇਅ ਜਾਰੀ ਕਰਵਾਉਣ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਤੇ ਬਿਜਲੀ ਸਮੇਤ ਹੋਰ ਮੁੱਖ ਮੰਗਾਂ ਨੂੰ ਲੈਕੇ 22 ਜਨਵਰੀ ਨੂੰ ਹਜ਼ਾਰਾਂ ਕਿਸਾਨ ਮਜ਼ਦੂਰ, ਬੀਬੀਆਂ ਪੱਕੇ ਮੋਰਚੇ ਵਿਚ ਵਿਸ਼ਾਲ ਇਕੱਠ ਕਰਕੇ ਰੇਲਾਂ ਦਾ ਚੱਕਾ ਜਾਮ ਕਰਨਗੇ ਤੇ ਪੱਕਾ ਮੋਰਚਾ ਰੇਲ ਪਟੜੀਆਂ ਉਤੇ ਤਬਦੀਲ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਆਪਣੇ ਨਾਲ ਸਬੰਧਿਤ ਮਸਲੇ ਹੱਲ ਕਰੇ ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੁੱਖ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨੀਯਤ ਕਾਰਵਾਈ ਜਾਵੇ। ਜੇਕਰ ਟਾਲ ਮਟੋਲ ਕੀਤਾ ਤਾਂ ਇਸ ਦੀ ਜੁਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ SDM ਜ਼ੀਰਾ ਵੱਲੋਂ 77 ਕਨਾਲ ਕੱਚਰਭੰਨ ਦੇ ਕਿਸਾਨਾਂ ਦੀ ਜ਼ਮੀਨ ਉੱਤੇ ਕੀਤੀ ਜਾ ਰਹੀ ਗ਼ੈਰ ਕਾਨੂੰਨੀ ਕਾਰਵਾਈ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਸਟੇਅ ਜਾਰੀ ਕਰਕੇ ਇਸ ਕੇਸ ਨੂੰ ਸਿਵਲ ਲੋਅਰ ਕੋਰਟ ਵਿੱਚ ਤਬਦੀਲ ਕੀਤਾ ਜਾਵੇ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ,ਕੁਰਕੀਆ ਗ੍ਰਿਫਤਾਰੀਆਂ ਰੋਕਣ,ਖਾਲੀ ਚੈਕ ਵਾਪਿਸ ਕਰਨ,ਪ੍ਰਨੋਟਾ,ਬੇਨਾਮਿਆ, ਇਕਰਾਰਨਾਮਿਆਂ ਦੀ ਮਾਨਤਾ ਰੱਦ ਕੀਤੀ ਜਾਵੇ, ਪਿੰਡ ਨਿਆਜੀਆ (ਫਿਰੋਜ਼ਪੁਰ) ਤੇ ਜਾਣੀਆਂ( ਜਲੰਧਰ) ਦੇ ਕਿਸਾਨਾਂ ਦੀ ਜ਼ਮੀਨ ਦੀਆਂ ਰਜਿਸਟਰੀਆਂ ਤੇ ਡਿਗਰੀਆਂ ਜੋ ਆੜਤੀਏ ਵਲੋਂ ਕਰਵਾਇਆ ਗੲੀਆਂ ਹਨ ਨੂੰ ਤੁਰੰਤ ਰੱਦ ਕੀਤੀਆਂ ਜਾਣ, ਚੀਫ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਮੰਨੀਆਂ 14 ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕੀਤੀ ਜਾਵੇ, ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੇ ਹੜ ਪੀੜਤਾਂ ਨੂੰ 2017-18 ਤੇ 2018-19 ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ, ਕਸ਼ਮੀਰ ਸਿੰਘ ਲੱਖਾ ਸਿੰਘ ਵਾਲਾ, ਬੂਟਾ ਸਿੰਘ ਕਰੀਆ, ਹਰਪਾਲ ਸਿੰਘ ਜਤਾਲਾ, ਗੁਰਦਿਆਲ ਸਿੰਘ ਟਿੱਬੀ ਕਲਾ, ਜਸਵੰਤ ਸਿੰਘ ਸਰੀਂਹ ਕਲਾ, ਹਰਪਾਲ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ ਆਸਲ, ਖਿਲਾਰਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।