ਪਾਕਿਸਤਾਨ ਨੇ ਫਾਈਨਾਂਸ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਕਾਲੀ ਸੂਚੀ ‘ਚ ਜਾਣ ਤੋਂ ਬਚਣ ਲਈ ਲਸ਼ਕਰ ਸੰਸਥਾਪਕ ਹਾਫਿਜ਼ ਸਈਦ ‘ਤੇ ਮਜਬੂਰੀ ‘ਚ ਸ਼ਿਕੰਜਾ ਕੱਸਿਆ ਹੈ। ਪਾਕਿ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ‘ਤੇ ਸਿੱਧੀ ਕਾਰਵਾਈ ਦੀ ਬਜਾਏ ਉਸ ਦੇ ਪੰਜ ਗੁਰਗਿਆਂ ਨੂੰ ਘੇਰੇ ‘ਚ ਲਿਆ ਹੈ। ਇਨ੍ਹਾਂ ਸਾਰਿਆਂ ਨੂੰ ਅੱਤਵਾਦੀ ਅਦਾਲਤ ਨੇ ਅੱਤਵਾਦ ਫੰਡਿੰਗ ਕੇਸ ‘ਚ ਨੌਂ-ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਹਨ।
ਜਿਨ੍ਹਾਂ ਅੱਤਵਾਦੀਆਂ ‘ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚੋਂ ਤਿੰਨ ਉਮਰ ਬਹਾਦੁਰ, ਨਸੀਰੁੱਲ੍ਹਾ ਹਨ। ਕਾਰਵਾਈ ਦੀ ਪਹਿਲ ਪੰਜਾਬ ਸੂਬੇ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਕੀਤੀ ਸੀ। ਜਿਨ੍ਹਾਂ ਹੋਰ ਦੋ ਲੋਕਾਂ ‘ਤੇ ਕਾਰਵਾਈ ਕੀਤੀ ਹੈ, ਉਨ੍ਹਾਂ ‘ਚ ਜਮਾਤ ਉਦ ਦਾਅਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਤੇ ਪ੍ਰਮੁੱਖ ਨੇਤਾ ਪ੍ਰਰੋਫੈਸਰ ਜਫਰ ਇਕਬਾਲ ਹਨ। ਇਨ੍ਹਾਂ ‘ਤੇ ਪਹਿਲਾਂ ਵੀ ਅੱਤਵਾਦੀ ਫੰਡਿੰਗ ਦਾ ਕੇਸ ਚੱਲ ਚੁੱਕਿਆ ਹੈ। ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਏਜਾਜ਼ ਅਹਿਮਦ ਬਟਰ ਨੇ ਇਨ੍ਹਾਂ ਸਾਰੇ ਪੰਜਾਂ ਅੱਤਵਾਦੀਆਂ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਮਾਮਲੇ ‘ਚ ਹਾਫਿਜ਼ ਸਈਦ ਦੇ ਸਾਲੇ ਹਾਫਿਜ਼ ਅਬਦੁਲ ਰਿਹਮਾਨ ਮੱਕੀ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਅੱਤਵਾਦੀ ਫੰਡਿੰਗ ਦਾ ਦੋਸ਼ੀ ਮੰਨਿਆ ਹੈ। ਇਹ ਸਾਰੇ ਗ਼ੈਰ ਕਾਨੂੰਨੀ ਤੌਰ ‘ਤੇ ਅੱਤਵਾਦੀ ਸਰਗਰਮੀਆਂ ਲਈ ਫੰਡ ਇਕੱਠਾ ਕਰਦੇ ਸਨ ਤੇ ਪਾਬੰਦੀਸ਼ੁਦਾ ਸੰਗਠਨਾਂ ਦੀ ਮਦਦ ਕਰ ਰਹੇ ਸਨ। ਅਦਾਲਤ ਨੇ ਇਨ੍ਹਾਂ ਸਾਰਿਆਂ ਦੀ ਫੰਡਿੰਗ ਨਾਲ ਬਣਾਈ ਗਈ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਕੇਸ ਦੀ ਸੁਣਵਾਈ ਦੌਰਾਨ ਸਾਰੇ ਅੱਤਵਾਦੀਆਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਮੀਡੀਆ ਦੇ ਮੌਜੂਦ ਰਹਿਣ ‘ਤੇ ਪਾਬੰਦੀ ਸੀ। ਪੰਜਾਬ ਪੁੁਲਿਸ ਨੇ ਹਾਫਿਜ਼ ਸਈਦ ਸਮੇਤ ਇਨ੍ਹਾਂ ਸਾਰੇ ਅੱਤਵਾਦੀਆਂ ਖ਼ਿਲਾਫ਼ ਕਰੀਬ 41 ਐੱਫਆਈਆਰ ਦਰਜ ਕੀਤੀਆਂ ਹੋਈਆਂ ਹਨ। ਹਾਫਿਜ਼ ਸਈਦ ਸੰਯੁਕਤ ਰਾਸ਼ਟਰ ਵੱਲੋਂ ਐਲਾਨੀਆ ਅੱਤਵਾਦੀ ਰਿਹਾ ਹੈ। ਪਾਕਿ ਨੇ ਕੁਝ ਸਮਾਂ ਪਹਿਲਾਂ ਉਸ ਨੂੰ ਕੌਮਾਂਤਰੀ ਦਬਾਅ ‘ਚ ਗਿ੍ਫ਼ਤਾਰ ਕੀਤਾ ਸੀ। ਹੁਣ ਉਹ ਫਿਰ ਪਾਕਿ ਦੀ ਸਰਪ੍ਰਸਤੀ ‘ਚ ਰਹਿ ਰਿਹਾ ਹੈ।