ਦੱਖਣੀ ਅਮਰੀਕੀ ਸੂਬੇ ਨਿਊ ਮੈਕਸੀਕੋ ਦੀ ਰਾਜਧਾਨੀ ਸਾਂਤਾ ਫੇ ’ਚ ਪਿਛਲੇ ਸਾਲ ਭਾਰਤੀ ਰੈਸਟੋਰੈਂਟ ’ਤੇ ਹੋਏ ਹਮਲੇ ਦੀ ਜਾਂਚ ਹੁਣ ਐੱਫਬੀਆਈ ਕਰੇਗੀ। ਮੀਡੀਆ ਰਿਪੋਰਟ ਦੇ ਮੁਤਾਬਕ, ਜੂਨ 2020 ’ਚ ਅਣਪਛਾਤੇ ਹਮਲਾਵਰਾਂ ਨੇ ਇੰਡੀਆ ਪੈਲੇਸ ਦੇ ਕਿਚਨ, ਡਾਇਨਿੰਗ ਰੂਮ ਤੇ ਸਟੋਰ ਨੂੰ ਨੁਕਸਾਨਦੇ ਹੋਏ ਰੈਸਟੋਰੈਂਟ ਦੀ ਕੰਧ ’ਤੇ ਟਰੰਪ 2020 ਲਿਖ ਦਿੱਤਾ ਸੀ। ਹਮਲਾਵਰਾਂ ਨੇ ਰੈਸਟੋਰੈਂਟ ਦੇ ਸਿੱਖ ਮਾਲਿਕ ’ਤੇ ਨਸਲੀ ਟਿੱਪਣੀ ਵੀ ਕੀਤੀ ਸੀ। ਹਮਲੇ ਕਾਰਨ ਲਗਪਗ ਇਕ ਲੱਖ ਡਾਲਰ (ਕਰੀਬ 75 ਲੱਖ ਰੁਪਏ) ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਸੀ। ਸਾਂਤਾਫੇ ਨਿਊਮੈਕਸੀਕਨ ਡਾਟ ਕਾਮ ਦੇ ਮੁਤਾਬਕ, ਰੈਸਟੋਰੈਂਟ ਨੂੰ ਸਾਲ 2013 ’ਚ ਬਲਜੀਤ ਸਿੰਘ ਨੇ ਖ਼ਰੀਦਿਆ ਸੀ ਤੇ ਉਨ੍ਹਾਂ ਦੇ ਬੇਟੇ ਬਲਜੋਤ ਉਸ ਨੂੰ ਚਲਾਉਂਦੇ ਸਨ। ਵਾਰਦਾਤ ਦੇ 16 ਮਹੀਨੇ ਬਾਅਦ ਵੀ ਹਮਲਾਵਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਹੋਈ। ਪਿਛਲੇ ਹਫਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਕਿਹਾ ਸੀ ਕਿ ਉਹ ਇੰਡੀਆ ਪੈਲੇਸ ਰੈਸਟੋਰੈਂਟ ’ਤੇ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ ਵਚਨਬੱਧ ਹੈ। ਅਲਬੁਕਰਕ, ਐੱਫਬੀਆਈ ਡਵੀਜ਼ਨ ਦੇ ਵਿਸ਼ੇਸ਼ ਏਜੰਟ ਇੰਚਾਰਜ ਰਾਓਲ ਬੁਜਾਂਡਾ ਨੇ ਕਿਹਾ, ‘ਇਸ ਵਾਰਦਾਤ ਨੇ ਦੇਸ਼ਭਰ ’ਚ ਲੋਕਾਂ ਦਾ ਧਿਆਨ ਖਿੱਚਿਆ ਸੀ। ਅਸੀਂ ਮੁਲਜ਼ਮਾਂ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗੇ।’