ਅਮਰੀਕਾ ਦੇ ਰੋਗ ਕੰਟਰੋਲ ਕੇਂਦਰ (ਸੀਡੀਸੀ) ਦੀ ਮੁਖੀ ਡਾ. ਰੋਸ਼ੇਲ ਵਾਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਹਾਲੇ ਤਕ 40 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਇਨਫੈਕਟਿਡ ਪਾਏ ਗਏ ਹਨ ਅਤੇ ਇਨ੍ਹਾਂ ਵਿਚੋਂ ਤਿੰਨ-ਚੌਥਾਈ ਤੋਂ ਜ਼ਿਆਦਾ ਟੀਕਾ ਲੱਗੇ ਲੋਕ ਹਨ। ਰਾਹਤ ਦੀ ਗੱਲ ਹੈ ਕਿ ਲਗਪਗ ਸਾਰੇ ਮਰੀਜ਼ਾਂ ਵਿਚ ਇਨਫੈਕਸ਼ਨ ਦੇ ਹਲਕੇ ਲੱਛਣ ਪਾਏ ਗਏ ਹਨ।
ਸੀਡੀਸੀ ਨਿਰਦੇਸ਼ਕ ਡਾ. ਵਾਲੇਂਸਕੀ ਨੇ ਖ਼ਾਸ ਗੱਲਬਾਤ ਵਿਚ ਦੱਸਿਆ ਕਿ ਅੰਕੜੇ ਬਹੁਤ ਸੀਮਤ ਹਨ। ਏਜੰਸੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਅਮਰੀਕਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਹਾਲੇ ਤਕ ਸਾਹਮਣੇ ਆਏ ਲਗਪਗ ਸਾਰੇ ਮਾਮਲਿਆਂ ਵਿਚ ਬਿਮਾਰੀ ਦੇ ਲੱਛਣ ਹਲਕੇ ਰਹੇ ਹਨ। ਪ੍ਰਮੁੱਖ ਲੱਛਣਾਂ ਵਿਚ ਖਾਂਸੀ, ਛਾਤੀ ’ਚ ਜਕੜਨ ਤੇ ਥਕਾਨ ਆਦਿ ਸ਼ਾਮਲ ਹਨ। ਇਸ ਨਾਲ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਓਮੀਕ੍ਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਪਿਛਲੇ ਮਹੀਨੇ ਦੱਖਣੀ ਅਫਰੀਕਾ ’ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਸ ਵੇਰੀਐਂਟ ਦੇ ਮਾਮਲੇ 57 ਦੇਸ਼ਾਂ ਵਿਚ ਸਾਹਮਣੇ ਆਏ ਹਨ। ਅਮਰੀਕਾ ’ਚ ਓਮੀਕ੍ਰੋਨ ਦਾ ਪਹਿਲਾ ਮਾਮਲਾ ਇਕ ਦਸੰਬਰ ਨੂੰ ਸਾਹਮਣੇ ਆਇਆ ਸੀ। ਬੁੱਧਵਾਰ ਦੁਪਹਿਰ ਤਕ ਸੀਡੀਸੀ ਨੇ 19 ਸੂਬਿਆਂ ਵਿਚ ਇਸ ਦੇ 43 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿਚੋਂ ਕਰੀਬ ਇਕ-ਤਿਹਾਈ ਮਰੀਜ਼ਾਂ ਨੇ ਕੌਮਾਂਤਰੀ ਯਾਤਰਾ ਕੀਤੀ ਸੀ। ਇਨਫੈਕਟਿਡਾਂ ਵਿਚੋਂ ਇਕ-ਤਿਹਾਈ ਨੇ ਵੈਕਸੀਨ ਦੀ ਬੂਸਟਰ ਡੋਜ਼ ਵੀ ਲੈ ਲਈ ਸੀ।