ਕੋਰੋਨਾ ਮਹਾਮਾਰੀ ਵਿਚਾਲੇ ਟੋਕੀਓ ਓਲੰਪਿਕ ਨੂੰ ਕਰਵਾਉਣ ਨੂੰ ਲੈ ਕੇ ਗ਼ੈਰਯਕੀਨੀਆਂ ਦਾ ਦੌਰ ਜਾਰੀ ਹੈ। ਇਸ ਨੂੰ ਲੈ ਕੇ ਜਾਪਾਨੀ ਕੰਪਨੀ ਰਾਕੂਟੇਨ ਗਰੁੱਪ ਦੇ ਸੀਈਓ ਹਿਰੋਸ਼ੀ ਮਿਕੀਤਾਨੀ ਨੇ ਇਸ ਨੂੰ ਸੁਸਾਈਡ (ਖ਼ੁਦਕੁਸ਼ੀ) ਮਿਸ਼ਨ ਕਰਾਰ ਦਿੱਤਾ ਹੈ। ਮਿਕੀਤਾਨੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵੈਕਸੀਨੇਸ਼ਨ ਨੂੰ ਲੈ ਕੇ ਕਾਫੀ ਦੇਰ ਕਰ ਚੁੱਕੇ ਹਾਂ। ਇਸ ਕਾਰਨ ਜੇ ਓਲੰਪਿਕ ਵਰਗਾ ਵੱਡਾ ਈਵੈਂਟ ਹੁੰਦਾ ਹੈ ਤਾਂ ਇਸ ਨਾਲ ਖ਼ਤਰਾ ਹੋਰ ਵਧ ਜਾਵੇਗਾ। ਇਹ ਸੁਸਾਈਡ ਮਿਸ਼ਨ ਵਾਂਗ ਹੈ। ਦੂਜੇ ਪਾਸੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਸੁਰੱਖਿਅਤ ਤਰੀਕੇ ਨਾਲ ਓਲੰਪਿਕ ਕਰਵਾਉਣ ਵਿਚ ਜ਼ਰੂਰ ਕਾਮਯਾਬ ਹੋਵੇਗਾ।