ਨਵੀਂ ਦਿੱਲੀ: ਭਾਰਤ ਦੀ ਮਰਦ ਹਾਕੀ ਟੀਮ ਸ਼ੁਕਰਵਾਰ ਨੂੰ ਆਪਣੇ ਤੋਂ ਹੇਠ ਰੈਕਿੰਗ ਦੀ ਰੂਸੀ ਟੀਮ ਨਾਲ ਓਲੰਪਿਕ ਕਵਾਲੀਫਾਇਰ ਮੁਕਾਬਲਾ ਖੇਡੇਗੀ। ਭਾਰਤੀ ਟੀਮ ਟੋਕਿਓ ‘ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਲਈ ਟਿਕਟ ਬੁਕ ਕਰਨ ਦੀ ਰਾਹ ‘ਚ ਦੋ ਮੈਚ ਦੂਰ ਹੈ।
ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਮਰਦ ਟੀਮ ਨੂੰ 22 ਵੀਂ ਰੈਂਕਡ ਰੂਸੀ ਟੀਮ ਖਿਲਾਫ ਮੁਮਕਿਨ ਜੇਤੂ ਮੰਨਿਆ ਜਾ ਰਿਹਾ ਹੈ। ਭਾਰਤੀ ਟੀਮ ਪੰਜਵੀਂ ਰੈਂਕਡ ਹੈ। ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਉਹ ਰੂਸੀ ਟੀਮ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰਣਗੇ ਕਿਉਂਕਿ ਇੱਕ ਮੈਚ ‘ਚ ਖ਼ਰਾਬ ਖੇਡ ਭਾਰਤ ਦੇ ਓਲੰਪਿਕ ਖੇਡਣ ਦੇ ਸੁਪਨੇ ਨੂੰ ਤੋੜ ਸਕਦਾ ਹੈ।
ਭਾਰਤ ਲਈ ਸੰਦੀਪ ਸਿੰਘ, ਆਕਾਸ਼ਦੀਪ ਸਿੰਘ, ਐਸਵੀ ਸੁਨੀਲ, ਰਮਨਦੀਪ ਸਿੰਘ, ਲਲਿਤ ਉਪਾਧਿਆਏ ਅਤੇ ਸਿਮਰਨਜੀਤ ਸਿੰਘ ਮੁਢਲੀ ਲਾਈਨ ‘ਚ ਅਹਿਮ ਭੂਮਿਕਾ ਨਿਭਾਉਣਗੇ। ਡ੍ਰੈਕ ਫਲਿਕਰ ਰੁਪਿੰਦਰ ਪਾਲ ਸਿੰਘ ਅਤੇ ਬੀਰੇਂਦਰ ਲਾਕਰਾ ਬੈਕਲਾਈਨ ‘ਚ ਅਹਿਮ ਰੋਲ ਨਿਭਾਉਣਗੇ। ਜਦਕਿ ਮਿਡਫੀਲਡ ‘ਚ ਕਪਤਾਨ ਮਨਪ੍ਰੀਤ ਤੋਂ ਇਲਾਵਾ ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ ਅਤੇ ਹਾਰਦਿਕ ਸਿੰਘ ‘ਤੇ ਜ਼ਿੰਮੇਦਾਰੀ ਰਹੇਗੀ।
ਗੋਲਕੀਪਰ ਦੇ ਤੌਰ ‘ਤੇ ਤਜ਼ਰਬੇਕਾਰ ਸਾਬਕਾ ਕਪਤਾਨ ਪੀਆਰ ਸ਼੍ਰੀਜੇਸ਼ ਪੋਸਟ ਦੀ ਰੱਖਿਆ ਕਰਨਗੇ। ਜੇਕਰ ਕਿਹਾ ਜਾਵੇ ਕਿ ਇਹ ਮੈਚ ਬੇਹੱਦ ਰੋਮਾਂਚਕ ਹੋਣ ਵਾਲਾ ਹੈ ਤਾਂ ਕੁਝ ਗਲਤ ਨਹੀਂ ਹੋਵੇਗਾ। ਪਿਛਲੇ 12 ਮਹੀਨਿਆਂ ਵਿਚ ਭਾਰਤੀ ਪੁਰਸ਼ ਟੀਮ ਨੇ ਰੀਡ ਦੇ ਮਾਰਗਦਰਸ਼ਨ ਵਿਚ ਰੱਖਿਆਤਮਕ ਪਹਿਲੂ ਵਿਚ ਕਾਫੀ ਸੁਧਾਰ ਕੀਤਾ ਹੈ।
ਉੱਥੇ ਮਹਿਲਾ ਟੀਮ ਲਈ ਸਥਿਤੀ ਬਿਲਕੁਲ ਉਲਟ ਹੈ, ਕਿਉਂਕਿ ਉਨ੍ਹਾਂ ਨੇ ਦੁਨੀਆ ਦੀ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਭਿੜਨਾ ਹੋਵੇਗਾ, ਜਿਸ ਖਿਲਾਫ਼ ਉਨ੍ਹਾਂ ਦਾ ਜਿੱਤ-ਹਾਰ ਦਾ ਰਿਕਾਰਡ 4-22 ਦਾ ਹੈ ਪਰ ਪਿਛਲਾ ਰਿਕਾਰਡ ਇੰਨਾ ਮਆਇਨੇ ਨਹੀਂ ਰੱਖਦਾ ਅਤੇ ਰਾਣੀ ਰਾਮਪਾਲ ਦੀ ਅਗਵਾਈ ਵਿਚ ਮੌਜੂਦਾ ਭਾਰਤੀ ਮਹਿਲਾ ਟੀਮ ਕਾਫੀ ਸ਼ਾਨਦਾਰ ਹੈ। ਕਪਤਾਨ ਰਾਣੀ ਤੋਂ ਇਲਾਵਾ ਗੁਰਜੀਤ ਕੌਰ, ਲਾਲਰੇਮਸਿਆਮੀ ਤੇ ਗੋਲਕੀਪਰ ਸਵਿਤਾ ਦੇ ਪ੍ਰਦਰਸ਼ਨ ‘ਤੇ ਟੀਮ ਜਿੱਤ ਨਿਰਭਰ ਕਰੇਗੀ।