ਲੁਧਿਆਣਾ ਦੇ ਪਿੰਡ ਚਕਰ ਦੇ ਇਕ ਆਮ ਘਰ ਦੀ 14 ਸਾਲ ਦੀ ਲੜਕੀ ਸਿਮਰਨਜੀਤ ਕੌਰ ਪਿੰਡ ਵਿਚ ਮੌਜੂਦ ਸ਼ੇਰ-ਏ-ਪੰਜਾਬ ਅਕੈਡਮੀ ਵਿਚ ਵੱਡੇ ਭੈਣ-ਭਰਾ ਨੂੰ ਮੁੱਕੇਬਾਜ਼ੀ ਕਰਦੇ ਦੇਖਦੀ ਸੀ ਤਾਂ ਉਸ ਵਿਚ ਵੀ ਇਸ ਖੇਡ ਪ੍ਰਤੀ ਉਤਸ਼ਾਹ ਜਾਗਿਆ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਗ਼ਰੀਬ ਘਰ ਦੀ ਇਹ ਧੀ ਸ਼ੌਕ ਨਾਲ ਮੁੱਕੇਬਾਜ਼ੀ ਦੇ ਰਿੰਗ ਵਿਚ ਉਤਰਨ ਤੋਂ ਬਾਅਦ ਟੋਕੀਓ ਓਲੰਪਿਕ ਦਾ ਸਫ਼ਰ ਤੈਅ ਕਰ ਲਵੇਗੀ। ਸ਼ੁਰੂ ਵਿਚ ਪਿਤਾ ਕਮਲਜੀਤ ਸਿੰਘ ਨੇ ਮੁੱਕੇਬਾਜ਼ੀ ਵਿਚ ਧੀ ਨੂੰ ਭੇਜਣ ਦਾ ਵਿਰੋਧ ਕੀਤਾ ਸੀ ਪਰ ਮਾਂ ਨੇ ਉਸ ਦਾ ਉਤਸ਼ਾਹ ਵਧਾਇਆ ਤੇ ਕਾਮਯਾਬੀ ਉਸ ਦੇ ਕਦਮ ਚੁੰਮਣ ਲੱਗੀ। ਸਿਰਫ਼ 11 ਸਾਲ ਦੇ ਸਖ਼ਤ ਅਭਿਆਸ ਤੋਂ ਬਾਅਦ 25 ਸਾਲਾ ਸਿਮਰਨ ਦਾ ਅੱਜ ਇਕ ਹੀ ਟੀਚਾ ਹੈ, ਟੋਕੀਓ ਓਲੰਪਿਕ ਵਿਚ ਕੌਮੀ ਗੀਤ ਦੀ ਧੁਨ ‘ਤੇ ਤਿਰੰਗਾ ਲਹਿਰਾਉਣਾ।
ਮਾਂ ਨੇ ਵਧਾਇਆ ਹੌਸਲਾ :
ਸਿਮਰਨ ਦਾ ਪਰਿਵਾਰ ਆਰਥਕ ਤੌਰ ‘ਤੇ ਇੰਨਾ ਮਜ਼ਬੂਤ ਨਹੀਂ ਸੀ ਕਿ ਉਨ੍ਹਾਂ ਦੀ ਡਾਈਟ ‘ਤੇ ਚੰਗਾ ਖ਼ਰਚ ਕਰ ਸਕਦਾ ਪਰ ਅਕੈਡਮੀ ਦੇ ਕੋਚ ਨੇ ਇਸ ਛੋਟੀ ਕੁੜੀ ਦੀ ਯੋਗਤਾ ਨੂੰ ਦੇਖਿਆ ਤੇ ਉਸ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ। ਸਿਮਰਨ ਦੇ ਪਿਤਾ ਕਮਲਜੀਤ ਸਿੰਘ 3000 ਰੁਪਏ ਮਹੀਨੇ ਦੀ ਤਨਖ਼ਾਹ ‘ਤੇ ਸੇਲਜ਼ਮੈਨ ਦਾ ਕੰਮ ਕਰਦੇ ਸਨ ਤੇ ਮਾਂ ਹੋਰ ਘਰਾਂ ਵਿਚ ਕੰਮ ਕਰ ਕੇ ਪਰਿਵਾਰ ਚਲਾਉਂਦੀ ਸੀ। ਸਾਲ 2018 ਵਿਚ ਪਿਤਾ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੂੰ ਆਰਥਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮਾਂ ਨੇ ਸਿਮਰਨ ਦਾ ਹਰ ਤਰ੍ਹਾਂ ਹੌਸਲਾ ਵਧਾਇਆ। ਪਿਤਾ ਦੀ ਮੌਤ ਤੋਂ ਬਾਅਦ ਉਸੇ ਸਾਲ ਤੁਰਕੀ ਵਿਚ ਹੋਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸਿਮਰਨ ਨੇ ਮੈਡਲ ਜਿੱਤ ਕੇ ਪਿਤਾ ਨੂੰ ਸਮਰਪਿਤ ਕੀਤਾ।
ਨਹੀਂ ਮਿਲਦੀ ਸੀ ਡਾਈਟ :
ਸਿਮਰਨ ਕਹਿੰਦੀ ਹੈ ਕਿ ਮਾਂ ਮੇਰੇ ਲਈ ਪਿਤਾ ਨਾਲ ਵੀ ਲੜ ਪੈਂਦੀ ਸੀ। ਮਾਂ ਨੇ ਪਰਿਵਾਰ ਚਲਾਉਣ ਤੇ ਮੇਰਾ ਸ਼ੌਕ ਪੂਰਾ ਕਰਨ ਲਈ ਲੋਕਾਂ ਦੇ ਘਰਾਂ ਵਿਚ ਕੰਮ ਕੀਤਾ। ਮਾਂ ਤੋਂ ਮਿਲੇ ਹੌਸਲੇ ਤੋਂ ਬਾਅਦ ਮੇਰੇ ਅੰਦਰ ਅਜੀਬ ਜਿਹੀ ਤਾਕਤ ਆ ਜਾਂਦੀ ਸੀ। ਮੈਂ ਰੋਜ਼ਾਨਾ ਕਈ ਘੰਟੇ ਅਭਿਆਸ ਕਰਦੀ। ਹਾਲਾਂਕਿ ਮੈਨੂੰ ਹੋਰ ਮੁੱਕੇਬਾਜ਼ਾਂ ਵਾਂਗ ਚੰਗੀ ਡਾਈਟ ਨਹੀਂ ਮਿਲਦੀ ਸੀ। ਫਿਰ ਵੀ ਘੱਟ ਡਾਈਟ ਦੇ ਬਾਵਜੂਦ ਮੈਂ ਸਖ਼ਤ ਅਭਿਆਸ ਕਰਦੀ। ਕਾਰਨ ਸਿਰਫ਼ ਇਕ ਸੀ। ਮੇਰੀ ਮਾਂ ਹਰ ਸਮੇਂ ਮੇਰਾ ਹੌਸਲਾ ਵਧਾਉਂਦੀ ਸੀ। ਉਨ੍ਹਾਂ ਦੇ ਹੌਸਲੇ ਦੀ ਬਦੌਲਤ ਹੀ ਮੈਂ ਇਸ ਮੁਕਾਮ ਤਕ ਪੁੱਜ ਸਕੀ ਹਾਂ। ਸਿਮਰਨ ਦੀ ਮਾਂ ਰਾਜਪਾਲ ਕੌਰ ਕਹਿੰਦੀ ਹੈ ਕਿ ਮੇਰੇ ਦੋ ਪੁੱਤਰ ਤੇ ਦੋ ਧੀਆਂ ਮੁੱਕੇਬਾਜ਼ੀ ਕਰਦੀਆਂ ਹਨ। ਆਪਣੀ ਸਖ਼ਤ ਮਿਹਨਤ ਨਾਲ ਸਿਮਰਨ ਉਨ੍ਹਾਂ ਵਿਚੋਂ ਸਭ ਤੋਂ ਅੱਗੇ ਨਿਕਲ ਗਈ। ਪਤੀ ਦਾ ਦੇਹਾਂਤ ਹੋਣ ਤੋਂ ਬਾਅਦ ਘਰ ਚਲਾਉਣਾ ਮੁਸ਼ਕਲ ਹੋ ਗਿਆ ਸੀ ਪਰ ਸੋਨੀ ਟੀਵੀ ਦੇ ਪ੍ਰਰੋਗਰਾਮ ਲਕਸ਼ੈ ਦੇ ਤਹਿਤ ਸਿਮਰਨ ਨੂੰ ਹਰ ਮਹੀਨੇ 15000 ਰੁਪਏ ਮਿਲਣ ਲੱਗੇ ਤਾਂ ਇਸ ਨਾਲ ਸਿਮਰਨ ਦਾ ਅਭਿਆਸ ਜਾਰੀ ਰਿਹਾ।
ਤਿਆਰੀ ‘ਚ ਰੁੱਝੀ :
ਪੰਜ ਫੁੱਟ ਛੇ ਇੰਚ ਦੀ ਸਿਮਰਨ ਨੇ ਸਾਲ 2020 ਵਿਚ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਟੋਕੀਓ ਓਲੰਪਿਕ ‘ਚ ਉਹ ਲਾਈਟਵੇਟ (57-60 ਕਿਲੋਗ੍ਰਾਮ) ਵਰਗ ਵਿਚ ਚੁਣੌਤੀ ਪੇਸ਼ ਕਰੇਗੀ। ਅਜੇ ਉਹ ਏਐੱਸਆਈ ਪੁਣੇ ਵਿਚ ਇਟਲੀ ਦੇ ਕੋਚ ਰੈਫਾਏਲੇ ਬਰਗਾਮਾਸਕੋ ਦੀ ਦੇਖ ਰੇਖ ਵਿਚ ਓਲੰਪਿਕ ਮੈਡਲ ਜਿੱਤਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰੀ ਵਿਚ ਰੁੱਝੀ ਹੈ।
ਉਪਲੱਬਧੀਆਂ
-2019 ਏਸ਼ਿਆਈ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ
-2021 ਏਸ਼ਿਆਈ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ
-2018 ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ