ਸੇਰੇਨਾ ਵਿਲੀਅਮਸ ਨੇ ਐਤਵਾਰ ਨੂੰ ਦੱਸਿਆ ਕਿ ਉਹ ਟੋਕੀਓ ਓਲੰਪਿਕ ‘ਚ ਹਿੱਸਾ ਨਹੀਂ ਲਵੇਗੀ ਪਰ ਉਨ੍ਹਾਂ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਸੇਰੇਨਾ ਨੇ ਕਿਹਾ, ‘ਮੈਂ ਅਸਲ ‘ਚ ਓਲੰਪਿਕ ਦੀ ਸੂਚੀ ‘ਚ ਨਹੀਂ ਹਾਂ। ਅਜਿਹਾ ਨਹੀਂ ਹੈ ਕਿ ਮੈਨੂੰ ਇਸ ਬਾਰੇ ‘ਚ ਪਤਾ ਨਹੀਂ ਹੈ। ਓਲੰਪਿਕ ਨੂੰ ਲੈ ਕੇ ਮੇਰੇ ਇਸ ਫ਼ੈਸਲੇ ਪਿੱਛੇ ਕਈ ਕਾਰਨ ਹਨ। ਮਾਫ਼ੀ ਚਾਹਾਂਗੀ।’
ਇਸ 39 ਵਰਿ੍ਹਆਂ ਦੀ ਖਿਡਾਰਨ ਨੇ ਅਮਰੀਕਾ ਲਈ ਓਲੰਪਿਕ ਖੇਡਾਂ ‘ਚ ਚਾਰ ਗੋਲਡ ਮੈਡਲ ਜਿੱਤੇ ਹਨ ਜਿਨ੍ਹਾਂ ‘ਚ 2012 ਲੰਡਨ ਓਲੰਪਿਕ ‘ਚ ਸਿੰਗਲਜ਼ ਅਤੇ ਡਬਲਜ਼ ਦੋਵੇਂ ਵਰਗ ਦੇ ਗੋਲਡ ਮੈਡਲ ਸ਼ਾਮਲ ਹਨ। ਉਹ 2000 ‘ਚ ਸਿਡਨੀ ਅਤੇ 2008 ਵਿਚ ਬੀਜਿੰਗ ਓਲੰਪਿਕ ‘ਚ ਡਬਲਜ਼ ‘ਚ ਗੋਲਡ ਜਿੱਤ ਚੁੱਕੀ ਹੈ।
ਉਨ੍ਹਾਂ ਡਬਲਜ਼ ਵਿਚ ਸਾਰੇ ਗੋਲਡ ਵੱਡੀ ਭੈਣ ਵੀਨਸ ਵਿਲੀਅਮਸ ਨਾਲ ਜਿੱਤੇ ਹਨ। ਰਿਓ ਓਲੰਪਿਕ (2016) ‘ਚ ਸੇਰੇਨਾ ਸਿੰਗਲਜ਼ ਵਿਚ ਤੀਜੇ ਦੌਰ ‘ਚ ਹਾਰ ਗਈ ਸੀ, ਜਦਕਿ ਡਬਲਜ਼ ‘ਚ ਉਹ ਆਪਣੀ ਭੈਣ ਤੇ ਜੋੜੀਦਾਰ ਵੀਨਸ ਨਾਲ ਪਹਿਲੇ ਦੌਰ ‘ਚ ਹੀ ਬਾਹਰ ਹੋ ਗਈ ਸੀ। ਰਾਫੇਲ ਨਡਾਲ ਅਤੇ ਡੋਮੀਨਿਕ ਥਿਏਮ ਵਰਗੇ ਹੋਰਨਾਂ ਸਿਖਰਲੇ ਟੈਨਿਸ ਖਿਡਾਰੀਆਂ ਨੇ ਵੀ ਕਿਹਾ ਹੈ ਕਿ ਉਹ ਜਾਪਾਨ ਨਹੀਂ ਜਾਣਗੇ। ਰੋਜਰ ਫੈਡਰਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਹਾਲੇ ਤਕ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਟੋਕੀਓ ਖੇਡਾਂ ‘ਚ ਹਿੱਸਾ ਲੈਣਗੇ ਜਾਂ ਨਹੀਂ।