ਪ੍ਰਬੰਧਕਾਂ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਦੌਰਾਨ ਸਾਰੀਆਂ ਥਾਵਾਂ ‘ਤੇ ਦਰਸ਼ਕਾਂ ਦੀ ਗਿਣਤੀ ਤੈਅ ਕਰਦੇ ਹੋਏ ਸਟੇਡੀਅਮ ਦੀ ਸਮਰੱਥਾ ਤੋਂ 50 ਫ਼ੀਸਦੀ ਲੋਕਾਂ ਨੂੰ ਸਟੇਡੀਅਮ ‘ਚ ਆਉਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਕਿਸੇ ਵੀ ਜਗ੍ਹਾ ‘ਤੇ 10 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਓਲੰਪਿਕ ‘ਚ ਪਹਿਲੀ ਵਾਰ ਟਰਾਂਸਜੈਂਡਰ ਅਥਲੀਟ
ਵੇਲਿੰਗਟਨ (ਏਪੀ) : ਲਾਰੇਲ ਹਬਰਡ 185 ਕਿਲੋਗ੍ਰਾਮ ਦਾ ਵਜ਼ਨ ਚੁੱਕ ਕੇ ਟੋਕੀਓ ਓਲੰਪਿਕ ਖੇਡਾਂ ਲਈ ਮਹਿਲਾ ਸੁਪਰ-ਹੈਵੀਵੇਟ ਵਰਗ ਲਈ ਟਿਕਟ ਪੱਕਾ ਕਰ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਖਿਡਾਰੀ ਬਣ ਗਈ ਹੈ। ਹਬਰਡ ਉਨ੍ਹਾਂ ਪੰਜ ਵੇਟ ਲਿਫਟਰਾਂ ‘ਚ ਸ਼ਾਮਲ ਹੈ ਜਿਨ੍ਹਾਂ ਨੂੰ ਸੋਮਵਾਰ ਨੂੰ ਟੋਕੀਓ ਲਈ ਚੁਣੀ ਗਈ ਨਿਊਜ਼ੀਲੈਂਡ ਦੀ ਟੀਮ ‘ਚ ਸ਼ਾਮਲ ਕੀਤਾ ਗਿਆ। ਉਹ 43 ਸਾਲ ਦੀ ਉਮਰ ‘ਚ ਇਨ੍ਹਾਂ ਖੇਡਾਂ ‘ਚ ਸਭ ਤੋਂ ਉਮਰਦਰਾਜ ਵੇਟ ਲਿਫਟਰ ਵੀ ਹੋਵੇਗੀ। ਉਹ ਦੋ ਅਗਸਤ ਨੂੰ ਹੋਣ ਵਾਲੇ ਅੌਰਤਾਂ ਦੇ 87 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਵਜ਼ਨ ਦੇ ਵਰਗ ‘ਚ ਹਿੱਸਾ ਲਵੇਗੀ। ਹਬਰਡ ਨੇ 2017 ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਅਤੇ ਸਮੋਆ ‘ਚ 2019 ਪ੍ਰਸ਼ਾਂਤ ਖੇਤਰੀ ਖੇਡਾਂ ‘ਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ 2018 ‘ਚ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲਿਆ ਪਰ ਇਸ ਦੌਰਾਨ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦਾ ਕਰੀਅਰ ਵੀ ਪ੍ਰਭਾਵਿਤ ਹੋਇਆ।
35 ਸਾਲ ਦੀ ਫੇਲਿਕਸ ਪੰਜਵੀਂ ਵਾਰ ਓਲੰਪਿਕ ‘ਚ ਲਵੇਗੀ ਹਿੱਸਾ
ਯੁਗੇਨ (ਏਪੀ) : ਦਿੱਗਜ਼ ਦੌੜਾਕ ਏਲੀਸਨ ਫੇਲਿਕਸ ਨੇ 35 ਸਾਲ ਦੀ ਉਮਰ ‘ਚ ਪੰਜਵੀਂ ਵਾਰ ਓਲੰਪਿਕ ‘ਚ ਜਗ੍ਹਾ ਬਣਾਈ। ਫੇਲਿਕਸ 400 ਮੀਟਰ ਦੀ ਦੌੜ ਦੇ ਮੁਕਾਬਲੇ ‘ਚ ਹਿੱਸਾ ਲਵੇਗੀ। ਉਸਦੀਆਂ 10ਵੇਂ ਓਲੰਪਿਕ ਮੈਡਲ ‘ਤੇ ਨਜ਼ਰਾਂ ਹਨ।
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਕਰੇਗੀ ਰਾਣੀ
ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਟੋਕੀਓ ਓਲੰਪਿਕ ਖੇਡਾਂ ਲਈ ਸੋਮਵਾਰ ਨੂੰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਕੌਮੀ ਮਹਿਲਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਤੇ ਦੀਪ ਗ੍ਰੇਸ ਏੱਕਾ ਅਤੇ ਸਵਿਤਾ ਦੇ ਰੂਪ ‘ਚ ਦੋ ਉਪ-ਕਪਤਾਨ ਨਿਯੁਕਤ ਕੀਤੇ। ਭਾਰਤ ਨੇ ਪਿਛਲੇ ਹਫ਼ਤੇ ਟੋਕੀਓ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਉਦੋਂ ਕਪਤਾਨ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ ਸੀ।