ਨੇਪਾਲ ‘ਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ, ਉਨ੍ਹਾਂ ਕਿਹਾ ਕਿ ਭਾਰਤ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।
ਪੀਐੱਮ ਮੋਦੀ ਨੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਲਿਖਿਆ, “ਸਾਡੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ ਅਤੇ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।”
128 ਲੋਕਾਂ ਦੀ ਮੌਤ
ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਠੀਕ ਪਹਿਲਾਂ, ਪੱਛਮੀ ਨੇਪਾਲ ਦੇ ਇੱਕ ਦੂਰ-ਦੁਰਾਡੇ ਪਹਾੜੀ ਖੇਤਰ ਵਿੱਚ 6.4 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਹੁਣ ਤੱਕ ਕਰੀਬ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹਨ। ਹਸਪਤਾਲਾਂ ਦੇ ਬਾਹਰ ਜ਼ਖਮੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਹਰ ਪਾਸੇ ਚੀਕ ਚਿਹਾੜਾ ਹੈ। ਬਹੁਤ ਸਾਰੇ ਘਰ, ਸਕੂਲ ਅਤੇ ਹੋਰ ਅਦਾਰੇ ਤਬਾਹ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਥਾਵਾਂ ‘ਤੇ ਬਚਾਅ ਕਾਰਜ ਚੱਲ ਰਹੇ ਹਨ।
ਉੱਤਰੀ ਭਾਰਤ ਵਿੱਚ ਵੀ ਧਰਤੀ ਕੰਬੀ
ਨੈਸ਼ਨਲ ਭੁਚਾਲ ਨਿਗਰਾਨੀ ਅਤੇ ਖੋਜ ਕੇਂਦਰ (ਐਨਈਐਮਆਰਸੀ) ਦੇ ਅਨੁਸਾਰ, ਭੂਚਾਲ ਰਾਤ 11.47 ਵਜੇ ਦਰਜ ਕੀਤਾ ਗਿਆ, ਜਿਸਦਾ ਕੇਂਦਰ ਜਾਜਰਕੋਟ ਜ਼ਿਲ੍ਹੇ ਵਿੱਚ ਸੀ। ਇਸ ਭੂਚਾਲ ਦੇ ਝਟਕੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਦਿੱਲੀ-ਐਨਸੀਆਰ, ਪਟਨਾ, ਦੇਹਰਾਦੂਨ ਆਦਿ ਵਿੱਚ ਵੀ ਧਰਤੀ ਕੰਬ ਗਈ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।