ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੋਲਕਾਤਾ ਵਿੱਚ ਡਾਕਟਰ ਦੇ ਬਲਾਤਕਾਰ ਅਤੇ ਕਤਲ ’ਤੇ ਪਹਿਲੀ ਵਾਰ ਬੋਲਦਿਆਂ ਔਰਤਾਂ ਖ਼ਿਲਾਫ਼ ਲਗਾਤਾਰ ਹੋ ਰਹੇ ਅਪਰਾਧਾਂ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਆਪਣੇ ਲੇਖ ਵਿੱਚ ਕਿਹਾ,‘ਸਾਨੂੰ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਬਾਰੇ ਇਮਾਨਦਾਰੀ ਨਾਲ ਆਤਮ-ਪੜਚੋਲ ਕਰਨ ਅਤੇ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ। ਕੋਲਕਾਤਾ ਵਿੱਚ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਘਿਨਾਉਣੀ ਘਟਨਾ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਬਹੁਤ ਦੁਖੀ ਹੋਈ। ਸਭ ਤੋਂ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਹ ਕੋਈ ਵੱਖਰਾ ਮਾਮਲਾ ਨਹੀਂ ਹੈ, ਇਹ ਔਰਤਾਂ ਵਿਰੁੱਧ ਅਪਰਾਧਾਂ ਦੀ ਲੜੀ ਦਾ ਹਿੱਸਾ ਹੈ। ਇਥੋਂ ਤੱਕ ਕਿ ਜਦੋਂ ਕੋਲਕਾਤਾ ਵਿੱਚ ਵਿਦਿਆਰਥੀ, ਡਾਕਟਰ ਅਤੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਅਪਰਾਧੀ ਸ਼ਿਕਾਰੀਆਂ ਵਾਂਗ ਕਿਤੇ ਹੋਰ ਲੁਕੇ ਹੋਏ ਹਨ। ਇੱਥੋਂ ਤੱਕ ਕਿ ਸਕੂਲ ਦੀਆਂ ਛੋਟੀਆਂ ਕੁੜੀਆਂ ਵੀ ਪੀੜਤਾਂ ਵਿੱਚ ਸ਼ਾਮਲ ਹਨ। ਕੋਈ ਵੀ ਸੱਭਿਅਕ ਸਮਾਜ ਧੀਆਂ-ਭੈਣਾਂ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕਰ ਸਕਦਾ। ਦੇਸ਼ ’ਚ ਰੋਸ ਹੋਣਾ ਸੁਭਾਵਿਕ ਹੈ ਤੇ ਮੈਂ ਵੀ ਗੁੱਸੇ ਵਿੱਚ ਹਾਂ।’ ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਪ੍ਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਆਜ਼ਾਦੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰੀਏ, ਤਾਂ ਹੀ ਅਸੀਂ ਸਾਰੇ ਮਿਲ ਕੇ ਅਗਲੀ ਰੱਖੜੀ ‘ਤੇ ਉਨ੍ਹਾਂ ਬੱਚਿਆਂ ਦੇ ਮਾਸੂਮ ਸਵਾਲਾਂ ਦਾ ਦ੍ਰਿੜਤਾ ਨਾਲ ਜਵਾਬ ਦੇ ਸਕਾਂਗੇ। ਆਓ! ਆਪਾਂ ਸਾਰੇ ਮਿਲ ਕੇ ਕਹੀਏ ਕਿ ਬਹੁਤ ਹੋ ਗਿਆ!