ਤਾਲਿਬਾਨ ਦੇ ਇਕ ਬੁਲਾਰੇ ਨੇ ਔਰਤਾਂ ਨੂੰ ਘਰਾਂ ਅੰਦਰ ਰਹਿਣ ਦੀ ਬੇਨਤੀ ਕੀਤੀ ਹੈ। ਤਾਲਿਬਾਨ ਬੁਲਾਰੇ ਨੇ ਕਿਹਾ ਹੈ ਕਿ ਤਾਲਿਬਾਨੀ ਲੜਾਕਿਆਂ ਨੂੰ ਔਰਤਾਂ ਦਾ ਸਨਮਾਨ ਕਰਨ ਲਈ ਸਿਖਲਾਈ ਨਹੀਂ ਦਿੱਤੀ ਗਈ ਹੈ। ਤਾਲਿਬਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਉਨ੍ਹਾਂ ਦਾ ਸੰਗਠਨ ਇਹ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਦੇ ਸ਼ਾਸਨ ’ਚ ਔਰਤਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇਗਾ।
ਤਾਲਿਬਾਨ ਰਾਜ ’ਚ ਔਰਤਾਂ ਨੂੰ ਕੰਮ ਕਰਨ ਦੀ ਆਜ਼ਾਦੀ
ਦੱਸਣਯੋਗ ਹੈ ਕਿ 1990 ਦੇ ਦਹਾਕੇ ’ਚ ਜਦੋਂ ਤਾਲਿਬਾਨ ਸੱਤਾ ’ਚ ਸੀ ਤਾਂ ਅਫ਼ਗਾਨ ਔਰਤਾਂ ਨੂੰ ਕੁਝ ਸ਼ਰਤਾਂ ਦੇ ਨਾਲ ਹੀ ਘਰ ਛੱਡਣ ਦੀ ਆਗਿਆ ਸੀ। ਇਸਦਾ ਉਲੰਘਣ ਕਰਨ ’ਤੇ ਔਰਤਾਂ ਦਾ ਸੋਸ਼ਣ ਵੀ ਕੀਤਾ ਗਿਆ ਸੀ। ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਦੂਸਰੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਨੇਤਾਵਾਂ ਨੇ ਇਕ ਪ੍ਰੈੱਸ ਵਾਰਤਾ ’ਚ ਜ਼ੋਰ ਦੇ ਕੇ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਸ਼ਾਸਨ ਪਹਿਲਾਂ ਤੋਂ ਅਲੱਗ ਹੋਵੇਗਾ। ਬੁਲਾਰੇ ਨੇ ਕਿਹਾ ਕਿ ਤਾਲਿਬਾਨ ਰਾਜ ’ਚ ਔਰਤਾਂ ਨੂੰ ਕੰਮ ਕਰਨ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੂੰ ਸਕੂਲ ਜਾਣ ਦੀ ਆਗਿਆ ਹੋਵੇਗੀ।
ਮੁਜ਼ਾਹਿਦ ਨੇ ਔਰਤਾਂ ਨੂੰ ਘਰਾਂ ਅੰਦਰ ਰਹਿਣ ਦੀ ਦਲੀਲ ਦਿੱਤੀ
ਤਾਲਿਬਾਨ ਦੇ ਇਹ ਸ਼ੁਰੂਆਤੀ ਸੰਕੇਤ ਆਸ਼ਾਜਨਕ ਨਹੀਂ ਹਨ। ਬੁਲਾਰੇ ਜਬੀਹੁੱਲਾ ਮੁਜ਼ਾਹਿਦ ਨੇ ਔਰਤਾਂ ਨੂੰ ਘਰਾਂ ਅੰਦਰ ਰਹਿਣ ਦੀ ਦਲੀਲ ਦਿੱਤੀ ਹੈ। ਬੁਲਾਰੇ, ਜਬੀਹੁੱਲਾ ਮੁਜ਼ਾਹਿਦ ਨੇ ਇਸਨੂੰ ਇਕ ਅਸਥਾਈ ਨੀਤੀ ਕਿਹਾ, ਜਿਸਦਾ ਉਦੇਸ਼ ਔਰਤਾਂ ਦੀ ਸੁਰੱਖਿਆ ਕਰਨਾ ਹੈ, ਜਦ ਤਕ ਕਿ ਤਾਲਿਬਾਨ ਉਨ੍ਹਾਂ ਦੀ ਸੁਰੱਖਿਆ ਨਿਸ਼ਚਿਤ ਨਹੀਂ ਕਰ ਲੈਂਦੇ।
ਔਰਤਾਂ ਨੂੰ ਘਰਾਂ ’ਚ ਹੀ ਦਿੱਤਾ ਜਾਵੇਗਾ ਵੇਤਨ
ਤਾਲਿਬਾਨ ਬੁਲਾਰੇ ਨੇ ਕਿਹਾ ਕਿ ਜਦੋਂ ਤਕ ਸਾਡੇ ਕੋਲ ਇਕ ਨਵੀਂ ਪ੍ਰਕਿਰਿਆ ਨਹੀਂ ਹੈ ਤਦ ਤਕ ਔਰਤਾਂ ਨੂੰ ਘਰ ’ਚ ਹੀ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਤਨਖ਼ਾਨ ਉਨ੍ਹਾਂ ਦੇ ਘਰਾਂ ’ਚ ਹੀ ਭੁਗਤਾਨ ਕੀਤੀ ਜਾਵੇਗੀ। ਉਨ੍ਹਾਂ ਨੇ ਤਿਹਾ ਕਿ ਅਸੀਂ ਉਨ੍ਹਾਂ ਨੂੰ ਸਥਿਤੀ ਆਮ ਹੋਣ ਤਕ ਘਰ ’ਚ ਰਹਿਣ ਲਈ ਕਹਿ ਰਹੇ ਹਾਂ। ਹੁਣ ਇਹ ਇਕ ਫ਼ੌਜੀ ਸਥਿਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਤਾਲਿਬਾਨ ਦੀ ਸੰਸਕ੍ਰਿਤਿਕ ਮਾਮਲਿਆਂ ਦੀ ਸਮਿਤੀ ਦੇ ਡਿਪਟੀ ਅਹਿਮਦੁੱਲਾ ਵਾਸੇਕ ਦੀ ਟਿੱਪਣੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲ ਹੀ ’ਚ ਵਾਸੇਕ ਨੇ ਦਿ ਨਿਊਯਾਰਕ ਟਾਈਮਜ਼ ਨੂੰ ਦੱਸਿਆ ਸੀ ਕਿ ਤਾਲਿਬਾਨ ਨੂੰ ਵਰਕਿੰਗ ਲੇਡੀਜ਼ ਦੇ ਨਾਲ ਕੋਈ ਸਮੱਸਿਆ ਨਹੀਂ ਹੈ, ਜਦੋਂ ਤਕ ਉਹ ਹਿਜਾਬ ਪਹਿਨਦੀਆਂ ਹਨ।
ਔਰਤਾਂ ਦੇ ਹੱਕ ਨੂੰ ਲੈ ਕੇ ਪਹਿਲਾਂ ਵੀ ਬੋਲਿਆ ਝੂਠ
ਹਿਊਮਨ ਰਾਈਟਸ ਵਾਚ ’ਚ ਔਰਤਾਂ ਦੇ ਅਧਿਕਾਰਾਂ ਦੀ ਸਹਿਯੋਗੀ ਨਿਰਦੇਸ਼ਕ ਹੀਥਰ ਬਰਰ ਨੇ ਕਿਹਾ ਕਿ ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਤਾਲਿਬਾਨ ਲਈ ਝੂਠ ਬੋਲਣਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਨੇ ਪਿਛਲੀ ਵਾਰ ਵੀ ਅਫ਼ਗਾਨਿਸਤਾਨ ਨੂੰ ਕੰਟਰੋਲ ਕਰਨ ’ਤੇ ਇਸ ਤਰ੍ਹਾਂ ਦੇ ਦਾਅਵੇ ਪੇਸ਼ ਕੀਤੇ ਸਨ। ਉਸ ਸਮੇਂ ਤਾਲਿਬਾਨ ਦਾ ਇਹ ਤਰਕ ਸੀ ਕਿ ਸੁਰੱਖਿਆ ਚੰਗੀ ਨਹੀਂ ਹੈ। ਇਸ ਲਈ ਔਰਤਾਂ ਨੂੰ ਹੱਕਾਂ ਲਈ ਇੰਤਜ਼ਾਰ ਕਰਨਾ ਹੋਵੇਗਾ। ਤਾਲਿਬਾਨ ਨੇ ਕਿਹਾ ਸੀ ਕਿ ਔਰਤਾਂ ਸੁਰੱਖਿਆ ਦੇ ਬਿਹਤਰ ਹੋਣ ਦਾ ਇੰਤਜ਼ਾਰ ਕਰਨ ਤਦ ਤਕ ਉਹ ਵੱਧ ਆਜ਼ਾਦੀ ਪ੍ਰਾਪਤ ਕਰਨ ’ਚ ਸਮਰੱਥ ਹੋਣਗੇ।