ਰਾਂਚੀ: ਇੱਥੇ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਸਿਫਾਰਸ਼ ‘ਤੇ ਕਾਫੀ ਹੰਗਾਮਾ ਹੋ ਗਿਆ। ਹੁਣ ਡਾਕਟਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਮੁਤਾਬਕ ਉਸ ਨੇ ਡਾਕਟਰ ਨੂੰ ਪੇਟ ਦਰਦ ਦੀ ਤਕਲੀਫ ਦੱਸੀ ਸੀ, ਪਰ ਡਾਕਟਰ ਨੇ ਉਸ ਨੂੰ ਕੰਡੋਮ ਵਰਤਣ ਦੀ ਸਲਾਹ ਲਿਖ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਘਾਟਸ਼ਿਲਾ ਸਰਕਾਰੀ ਹਸਪਤਾਲ ਵਿੱਚ ਬੀਤੀ 23 ਜੁਲਾਈ ਨੂੰ ਔਰਤ ਨੇ ਡਾ. ਅਸ਼ਰਫ ਬਦਰ ਕੋਲ ਢਿੱਡ ਵਿੱਚ ਦਰਦ ਰਹਿਣ ਦੀ ਤਕਲੀਫ ਦੱਸੀ ਸੀ। ਹਸਪਤਾਲ ਵਿੱਚ ਠੇਕੇ ‘ਤੇ ਭਰਤੀ ਹੋਏ ਡਾਕਟਰ ਨੇ ਉਸ ਨੂੰ ਪਰਚੀ ‘ਤੇ ਕੁਝ ਲਿਖ ਕੇ ਦੇ ਦਿੱਤਾ। ਔਰਤ ਨੇ ਉਹ ਪਰਚੀ ਦਵਾਈਆਂ ਦੀ ਦੁਕਾਨ ‘ਤੇ ਦਿੱਤੀ ਤਾਂ ਪਤਾ ਲੱਗਾ ਕਿ ਡਾਕਟਰ ਨੇ ਉਸ ਨੂੰ ਕੰਡੋਮ ਦੀ ਵਰਤੋਂ ਕਰਨ ਦੀ ਸਲਾਹ ਲਿਖ ਕੇ ਦਿੱਤੀ ਹੈ।
ਇਸ ਤੋਂ ਬਾਅਦ ਔਰਤ ਨੇ ਖ਼ੂਬ ਹੰਗਾਮਾ ਕੀਤਾ। ਇਹ ਮੁੱਦਾ ਇੰਨਾ ਵਧ ਗਿਆ ਕਿ ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਕੁਣਾਲ ਸਾਰੰਗੀ ਨੇ ਇਸ ਨੂੰ ਵਿਧਾਨ ਸਭਾ ਵਿੱਚ ਵੀ ਚੁੱਕ ਦਿੱਤਾ। ਹੁਣ ਹਸਪਤਾਲ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ, ਡਾਕਟਰ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।