51.13 F
New York, US
March 11, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਠੂਆ ਹੱਤਿਆਕਾਂਡ ਵਿੱਚ ਅਤਿਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕ

ਜੰਮੂ-ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਾਵਰ ਤਹਿਸੀਲ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਤਿੰਨ ਨਾਗਰਿਕਾਂ ਦੀ ਹੱਤਿਆ ਵਿੱਚ ਅੱਜ ਅਤਿਵਾਦੀਆਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਹੈ। ਹੱਤਿਆਵਾਂ ਕਾਰਨ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਬੰਦ ਦੀ ਸਥਿਤੀ ਪੈਦਾ ਹੋ ਗਈ ਹੈ। ਪੁਲੀਸ ਮੁਤਾਬਕ ਵਰੁਣ ਸਿੰਘ (15) ਅਤੇ ਉਸ ਦੇ ਚਾਚਾ ਯੋਗੇਸ਼ ਸਿੰਘ (32) ਤੇ ਦਰਸ਼ਨ ਸਿੰਘ (40) ਦੀਆਂ ਲਾਸ਼ਾਂ ਮਲਹਾਰ ਇਲਾਕੇ ਦੇ ਝਰਨੇ ਨੇੜਿਓਂ ਬਰਾਮਦ ਹੋਈਆਂ ਹਨ। ਉਹ 5 ਮਾਰਚ ਤੋਂ ਲਾਪਤਾ ਸਨ।

ਮੰਤਰੀ ਨੇ ਕਿਹਾ ਕਿ ਇਹ ਹੱਤਿਆਵਾਂ ਕਾਫ਼ੀ ਚਿੰਤਾ ਦਾ ਵਿਸ਼ਾ ਹਨ। ਊਧਮਪੁਰ ਸੰਸਦੀ ਹਲਕੇ ਤੋਂ ਨੁਮਾਇੰਦਗੀ ਕਰ ਰਹੇ ਮੰਤਰੀ ਨੇ ‘ਐਕਸ’ ’ਤੇ ਕਿਹਾ, ‘‘ਕਠੂਆ ਜ਼ਿਲ੍ਹੇ ਦੇ ਬਾਨੀ ਇਲਾਕੇ ਵਿੱਚ ਅਤਿਵਾਦੀਆਂ ਵੱਲੋਂ ਤਿੰਨ ਲੋਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਬਹੁਤ ਮੰਦਭਾਗੀ ਅਤੇ ਚਿੰਤਾਜਨਕ ਹੈ। ਇੱਕ ਸ਼ਾਂਤੀਪੂਰਨ ਇਲਾਕੇ ਵਿੱਚ ਮਾਹੌਲ ਖ਼ਰਾਬ ਕਰਨ ਪਿੱਛੇ ਕੋਈ ਡੂੰਘੀ ਸਾਜ਼ਿਸ਼ ਨਜ਼ਰ ਆ ਰਹੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਖੁਦ ਜੰਮੂ ਪਹੁੰਚ ਰਹੇ ਹਨ ਤਾਂ ਜੋ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਅਤੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਰਹੇ।’’ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਇੱਥੇ ਇੱਕ ਮੀਟਿੰਗ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਹੱਤਿਆਵਾਂ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘‘ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ।’’

ਉਪ ਰਾਜਪਾਲ ਵੱਲੋਂ ਜਾਂਚ ਦੇ ਹੁਕਮ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਠੂਆ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਦੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਦੀ ਵਿਸਥਾਰਿਤ ਅਤੇ ਪਾਰਦਰਸ਼ੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ 5 ਮਾਰਚ ਨੂੰ ਲਾਪਤਾ ਹੋ ਗਏ ਸਨ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਮੈਂ ਵਿਸਥਾਰਿਤ ਤੇ ਪਾਰਦਰਸ਼ੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪਰਿਵਾਰਾਂ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ।’’ ਸਿਨਹਾ ਨੇ ਕਿਹਾ ਕਿ ਉਹ ਤਿੰਨਾਂ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਹੈਰਾਨ ਅਤੇ ਦੁਖੀ ਹਨ, ਜਿਸ ਬਾਰੇ ਕਹਿਣ ਲਈ ਸ਼ਬਦ ਨਹੀਂ ਹਨ। 

ਅਤਿਵਾਦੀਆਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ: ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਸ਼ਰਮਾ ਨੇ ਕਠੂਆ ਕਤਲਕਾਂਡ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਤਿਵਾਦੀਆਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦੇਵਾਂਗੇ। ਕਤਲਕਾਂਡ ਦੇ ਵਿਰੋਧ ਵਿੱਚ ਇੱਥੇ ਪ੍ਰਦਰਸ਼ਨ ਨੂੰ ਸੰਬੋੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਅਤਿਵਾਦੀਆਂ ਨੇ ਨਵਾਂ ਢੰਗ-ਤਰੀਕਾ ਅਪਣਾ ਲਿਆ ਹੈ ਜਿਸ ਵਿੱਚ ਉਹ ਲੋਕਾਂ ਨੂੰ ਮਾਰਨ ਵਾਸਤੇ ਹਥਿਆਰ ਨਹੀਂ ਵਰਤਦੇ, ਸਿਰਫ਼ ਭਰਮ ਪੈਦਾ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

Related posts

81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਸੀ ਨੌਜਵਾਨ, ਪੁਲਿਸ ਨੇ ਇੰਝ ਕੀਤਾ ਕਾਬੂ

On Punjab

ਭਾਰਤ ‘ਚ Visa ਇੰਤਜ਼ਾਰ ਦੇ ਸਮੇਂ ਨੂੰ ਖ਼ਤਮ ਕਰਨ ਲਈ ਪੂਰੀ ਤਾਕਤ ਲਗਾ ਰਿਹੈ ਅਮਰੀਕਾ, ਚੁੱਕੇ ਗਏ ਅਹਿਮ ਕਦਮ

On Punjab

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab