ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਮੱਲਵਾਲ ਜਦੀਦ ਵਿੱਚ ਪਿੰਡ ਇਕਾਈ ਦੇ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿਚ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਸ ਮੀਟਿੰਗ ਵਿੱਚ ਪਿੰਡ ਦੇ ਹੀ ਨੌਜਵਾਨ ਗੁਰਬਚਨ ਸਿੰਘ ਜਿਸ ਦਾ ਛੇ ਮਹੀਨੇ ਪਹਿਲਾਂ ਕਤਲ ਹੋ ਗਿਆ ਸੀ ਉਸਦੇ ਪਰਿਵਾਰ ਨੂੰ ਇਨਸਾਫ ਦੁਵਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਬੀਤੀ 5 ਸਤੰਬਰ ਨੂੰ ਪਿੰਡ ਮੱਲਵਾਲ ਜਦੀਦ ਦੇ ਵਾਸੀ ਗੁਰਬਚਨ ਸਿੰਘ ਦਾ ਉਸ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਪਿਓ ਮੇਵਾ ਸਿੰਘ, ਭੈਣ ਨਾਨਕੀ ਅਤੇ ਭਣਵੱਈਏ ਪ੍ਰੀਤਮ ਸਿੰਘ ਨਾਲ ਰਲ ਕੇ ਕਤਲ ਕਰ ਦਿੱਤਾ ਸੀ । ਜਿਸ ਸਬੰਧੀ ਮੁਕੱਦਮਾ ਨੰਬਰ 95 ਥਾਣਾ ਕੁੱਲਗੜ੍ਹੀ ਵਿੱਚ ਦਰਜ ਹੈ । ਪੁਲੀਸ ਵੱਲੋਂ ਇੱਕ ਦੋਸ਼ੀ ਮੇਵਾ ਸਿੰਘ ਨੂੰ ਤਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕਰ ਰਹੀ । ਪੀੜਤ ਪਰਿਵਾਰ ਅਤੇ ਜਥੇਬੰਦੀ ਵੱਲੋਂ ਲਗਾਤਾਰ ਥਾਣੇ ਦੇ ਮੁਲਾਜਮਾਂ ਨੂੰ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਇਸ ਕੇਸ ਤੋਂ ਟਾਲਾ ਵੱਟਿਆ ਹੋਇਆ ਹੈ । ਆਗੂਆਂ ਨੇ ਦੱਸਿਆ ਕਿ ਦੋਸ਼ੀ ਮਨਜੀਤ ਕੌਰ ਦੀ ਜ਼ਮਾਨਤ ਅਰਜ਼ੀ ਵੀ ਹਾਈ ਕੋਰਟ ਤੋਂ ਖਾਰਜ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ 2 ਮਾਰਚ ਨੂੰ ਥਾਣਾ ਕੁੱਲਗੜ੍ਹੀ ਸਾਹਮਣੇ ਧਰਨਾ ਦੇਵੇਗੀ, ਜਿਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ, ਜਸਵੀਰ ਸਿੰਘ, ਸਤਵੀਰ ਸਿੰਘ, ਪ੍ਰਕਾਸ਼ ਸਿੰਘ, ਜੰਗ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਹੀਰਾ ਸਿੰਘ ਸਾਬਕਾ ਸਰਪੰਚ, ਭਾਨ ਸਿੰਘ, ਸੰਤਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰਦ ਅਤੇ ਔਰਤਾਂ ਹਾਜ਼ਰ ਸਨ ।