ਆਫ਼ਗਾਨਿਸਤਾਨ ’ਚ 15 ਅਗਸਤ ਦੇ ਦਿਨ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕ ਵੱਡੀ ਗਿਣਤੀ ’ਚ ਕਾਬੁਲ ਏਅਰਪੋਰਟ ’ਤੇ ਇਕੱਠੇ ਹੋਏ ਸੀ। ਇਹ ਲੋਕ ਤਾਲਿਬਾਨ ਤੋਂ ਬਚ ਕੇ ਕਿਸੇ ਦੂਜੇ ਦੇਸ਼ ’ਚ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ 31 ਅਗਸਤ ਦੀ ਡੈਡਲਾਈਨ ਤੈਅ ਕੀਤੀ ਗਈ ਤੇ ਅਮਰੀਕੀ ਫ਼ੌਜ ਨੇ 31 ਅਗਸਤ ਨੂੰ ਅਫ਼ਗਾਨਿਤਾਨ ਛੱਡ ਦਿੱਤਾ। ਇਸ ਤੋਂ ਪਹਿਲਾਂ ਕਾਬੁਲ ਏਅਰਪੋਰਟ ਅਮਰੀਕਾ ਦੇ ਕਬਜ਼ੇ ’ਚ ਸੀ ਤੇ ਇੱਥੋ ਵੱਡੀ ਗਿਣਤੀ ’ਚ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਹੁਣ ਜੋ ਲੋਕ ਅਫ਼ਗਾਨਿਸਤਾਨ ’ਚ ਰਹਿ ਗਏ ਉਹ ਬਾਰਡਰ ਵੱਲ ਭੱਜ ਰਹੇ ਹਨ ਕਿਉਂਕਿ ਦੂਜੇ ਦੇਸ਼ ’ਚ ਸ਼ਰਨ ਲੈ ਸਕਣ ਤੇ ਤਾਲਿਬਾਨ ਦੇ ਚੰਗੁਲ ਤੋਂ ਬਾਹਰ ਨਿਕਲ ਸਕਣ।
31 ਅਗਸਤ ਨੂੰ ਅਮਰੀਕੀ ਫ਼ੌਜ ਦੇ ਅਫ਼ਗਾਨਿਤਾਨ ਛੱਡਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜੋ ਅਮਰੀਕੀ ਨਾਗਰਿਕ ਉੱਥੋ ਬਾਹਰ ਨਿਕਲਣਾ ਚਾਹੁੰਦਾ ਹੈ, ਉਨ੍ਹਾਂ ਨੂੰ ਕੱਢਿਆ ਜਾਵੇ, ਪਰ ਹੁਣ ਇਸ ਦਾ ਕੋਈ ਰਸਤਾ ਨਹੀਂ ਦਿਖ ਰਿਹਾ। ਨਾਲ ਹੀ ਤਾਲਿਬਾਨ ਨੇ ਵੀ ਕਿਹਾ ਸੀ ਕਿ ਜੋ ਨਾਗਰਿਕ ਦੇਸ਼ ਛੱਡ ਕੇ ਬਾਹਰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਰੇਸ਼ਨ ਨਹੀਂ ਕੀਤਾ ਜਾਵੇਗਾ, ਪਰ ਹੁਣ ਤਾਲਿਬਾਨ ਨੇ ਕਾਬੁਲ ਏਅਰਪੋਰਟ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਬਾਹਰ ਨਿਕਲਣ ਦੀਆਂ ਉਮੀਦਾਂ ਵੀ ਸਮਾਪਤ ਹੋ ਚੁੱਕੀਆਂ ਹਨ।