ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਬਾਰਡਰ ਵਿਚਾਲੇ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਸਬੰਧੀ ਪਾਕਿਸਤਾਨ ਤੋਂ ਜੋ 90 ਫੀਸਦੀ ਕੰਮ ਪੂਰਾ ਹੋਣ ਦੀਆਂ ਖ਼ਬਰਾਂ ਆਈਆਂ ਤਾਂ ‘ਏਬੀਪੀ ਸਾਂਝਾ’ ਦੀ ਟੀਮ ਨੇ ਭਾਰਤ ਵਾਲੇ ਪਾਸੇ ਗਰਾਊਂਡ ਜ਼ੀਰੋ ‘ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਇਸ ਦੌਰਾਨ ਮੌਕੇ ਤੋਂ ਪਤਾ ਲੱਗਾ ਕਿ ਹਾਲੇ ਸੜਕ ਦੇ ਉੱਪਰ ਪੱਥਰ ਪੈਣ ਦਾ ਕੰਮ ਚੱਲ ਰਿਹਾ ਹੈ। ਗੁਰਦਾਸਪੁਰ-ਰਮਦਾਸ ਬਾਈਪਾਸ ਤੋਂ ਕੋਰੀਡੋਰ ਤਕ ਬਣਨ ਵਾਲੀ ਸਾਢੇ ਤਿੰਨ ਕਿਲੋਮੀਟਰ ਲੰਮੀ ਸੜਕ ਦਾ ਕੰਮ ਵੀ ਹਾਲੇ ਕਾਫੀ ਪਿਆ ਹੈ।
ਸੜਕ ਦੀ ਉਸਾਰੀ ਕਰ ਰਹੀ ਕੰਪਨੀ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਕੰਮ ਸਤੰਬਰ ਤਕ ਤੈਅ ਸੀਮਾ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ। ਸੜਕ ਦੇ ਨਾਲ ਹੀ ਖੱਬੇ ਹੱਥ ਆਈਸੀਪੀ ਬਣਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਨੂੰ ਤਿੰਨ ਪੜਾਵਾਂ ਦੇ ਵਿੱਚ ਮੁਕੰਮਲ ਕੀਤਾ ਜਾਵੇਗਾ।