India Pakistan Agree Kartarpur Corridor : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੋਰੀਡੋਰ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋ ਗਿਆ ਹੈ । ਜਿੱਥੇ ਅੱਜ ਦੋਵੇਂ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਅੰਤਿਮ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਗਏ । ਦਰਅਸਲ, ਦੋਹਾਂ ਦੇਸ਼ਾਂ ਵਿਚਾਲੇ ਹੋਈ ਇਸ ਬੈਠਕ ਦੌਰਾਨ ਮੀਡੀਆ ਨੂੰ ਦੂਰ ਰੱਖਿਆ ਗਿਆ । ਇਸ ਮੀਟਿੰਗ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ ਗਈ ।
ਦੱਸ ਦੇਈਏ ਕਿ ਭਾਰਤ-ਪਾਕਿ ਵਿਚਾਲੇ ਹੋਏ ਇਸ ਕਰਾਰ ਅਨੁਸਾਰ ਭਾਰਤ ਵੱਲੋਂ ਹਰ ਧਰਮ ਦਾ ਸ਼ਰਧਾਲੂ ਦਰਸ਼ਨਾਂ ਲਈ ਜਾ ਸਕੇਗਾ । ਇਹ ਯਾਤਰਾ ਬਿਨ੍ਹਾ ਕਿਸੇ ਵੀਜ਼ਾ ਦੇ ਕੀਤੀ ਜਾ ਸਕੇਗੀ , ਪਰ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਦਸਤਾਵੇਜ ਹੋਵੇਗਾ । ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਭਾਰਤੀ ਮੂਲ ਦੇ ਨਾਗਰਿਕਾਂ ਲਈ ਪਾਸਪੋਰਟ ਦੇ ਨਾਲ OCI ਕਾਰਡ ਲਿਜਾਣਾ ਜ਼ਰੂਰੀ ਹੋਵੇਗਾ ।
ਮੀਡੀਆ ਨੂੰ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੋਰੀਡੋਰ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦਾ ਸਵੇਰ ਵੇਲੇ ਜਾ ਕੇ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਜਰੂਰੀ ਹੋਵੇਗਾ । ਉਨ੍ਹਾਂ ਕਿਹਾ ਕਿ ਕੁਝ ਦਿਨਾਂ ਨੂੰ ਛੱਡ ਕੇ ਕੋਰੀਡੋਰ ਸਾਰਾ ਸਾਲ ਖੁੱਲ੍ਹਾ ਰਹੇਗਾ ।
ਜ਼ਿਕਰਯੋਗ ਹੈ ਕਿ ਤੈਅ ਕੀਤੇ ਗਏ ਸਮਝੌਤੇ ਅਨੁਸਾਰ ਭਾਰਤ ਵੱਲੋਂ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਭੇਜੀ ਜਾਵੇਗੀ । ਉਥੇ ਹੀ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਵੱਲੋਂ SMS ਜਾਂ ਈਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਕਨਫਰਮੇਸ਼ਨ ਭੇਜੀ ਜਾਵੇਗੀ ।