18.21 F
New York, US
December 23, 2024
PreetNama
ਰਾਜਨੀਤੀ/Politics

ਕਰਨਾਟਕ ’ਚ ਹਿਜਾਬ ‘ਤੇ ਪਾਬੰਦੀ ਸਿੱਖਾਂ ਦੀ ਦਸਤਾਰ/ਕਕਾਰਾਂ ਤਕ ਪਹੁੰਚ ਗਈ : ਕੇਂਦਰੀ ਸਿੰਘ ਸਭਾ

ਕਰਨਾਟਕਾਂ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਕੇਸਕੀ (ਦਸਤਾਰ) ਸਮੇਤ ਕਾਲਜ ਵਿੱਚ ਦਾਖਲ ਹੋਣ ਤੋਂ ਰੋਕਣਾ ਹਿਜਾਬ ਉੱਤੇ ਪਾਬੰਦੀ ਦਾ ਸਿੱਖ ਭਾਈਚਾਰੇ ਤਕ ਪਹੁੰਚਣਾ ਹੈ। ਇਸ ਖਤਰੇ ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਖਦਸਾ ਸੱਚ ਹੋ ਗਿਆ ਨਿਭੜਿਆ। 14 ਫਰਵਰੀ ਨੂੰ ਬਿਆਨ ਰਾਹੀ ਸਿੰਘ ਸਭਾ ਨੇ ਕਿਹਾ ਸੀ ਕਿ ਮੁਸਲਮਾਨੀ ਹਿਜਾਬ ਸਿੱਖਾਂ ਦੀ ਪਗੜੀ ਤੇ ਕਕਾਰਾਂ ਦੇ ਬਰਾਬਰ ਦੀ ਧਾਰਮਿਕ ਪਹਿਚਾਣ ਹੈ। ਇਸ ਕਰਕੇ ਹਿਜਾਬ ਉੱਤੇ ਪਾਬੰਦੀ ਛੇਤੀ ਹੀ ਸਿੱਖ ਪਹਿਚਾਣ ਤਕ ਵੀ ਪਹੁੰਚ ਸਕਦੀ ਹੈ।

ਮਾਊਟ ਕਾਰਮਲ ਕਾਲਜ, ਵਸੰਤ ਨਗਰ, ਬੈਂਗਲੁਰੂ ਦੀ ਅੰਮ੍ਰਿਤਧਾਰੀ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਪਿਛਲੇ ਹਫਤੇ ਕਾਲਜ ਦੇ ਪ੍ਰੰਬਧਕਾਂ ਨੇ ਉਸ ਨੂੰ ਕੇਸਕੀ ਜਾਂ ਦਸਤਾਰ ਬੰਨ੍ਹੀ ਵੇਖ ਕਾਲਜ ਵਿਚ ਦਾਖਲ ਨਹੀਂ ਹੋਣ ਦਿੱਤਾ। ਸਿੱਖ ਵਿਦਿਆਰਥਣ ਨੇ ਦਸਤਾਰ ਉਤਾਰਨ ਤੋ ਨਾਂਹ ਕਰ ਦਿੱਤੀ ਕਿਉਂਕਿ ਇਹ ਸਿੱਖ ਮਰਿਆਦਾ ਦਾ ਜ਼ਰੂਰੀ ਅੰਗ ਹੈ। ਇਸ ਘਟਨਾਂ ਨੇ ਸੰਸਾਰ ਭਰ ਵਿੱਚ ਵਸਦੇ ਸਿੱਖ ਪੰਥ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜਦੋਂ ਹੁਣ ਵੋਟ ਪ੍ਰਣਾਲੀ, ਜਾਂ ਸਿਰਾਂ ਦੀ ਗਿਣਤੀ ਹੀ ਰਾਜ ਸੱਤਾ ਦੀ ਪ੍ਰਾਪਤੀ ਦਾ ਆਧਾਰ ਬਣ ਗਈ ਹੈ ਤਾਂ ਹਿੰਦੂਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਵਿੱਚ ਵੱਖਰੇ-ਵੱਖਰੇ ਧਾਰਮਿਕ/ਸਮਾਜਿਕ ਫਿਰਕਿਆ ਦੇ ਲੀਡਰਾਂ ਨੇ ਆਪਣੇ ਆਪਣੇ ਭਾਈਚਾਰਿਆਂ ਦੀ ਵਾੜਬੰਦੀ ਕਰਕੇ ਅਤੇ ਉਨ੍ਹਾਂ ਨੂੰ ਇੱਕ-ਮੁੱਠ ਕਰਨ ਲਈ ਦੂਜੇ ਭਾਈਚਾਰਿਆਂ ਉੱਤੇ ਸਭਿਆਚਰਕ/ਧਾਰਮਿਕ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ 1932 ਵਿੱਚ 6 ਕਰੋੜ ਅਛੂਤਾਂ ਲਈ ਅੰਗਰੇਜ਼ੀ ਰਾਜ ਵੱਲੋਂ ਹਿੰਦੂਆਂ ਨੂੰ ਬਹੁ-ਗਿਣਤੀ ਸਥਾਪਤ ਕਰਨ ਲਈ ਮਹਾਤਮਾ ਗਾਂਧੀ ਨੇ ਅਛੂਤਾਂ ਦੀ ਵੱਖਰੀ ਪ੍ਰਤੀਨਿਧਤਾ ਨੂੰ ਖਤਮ ਕਰਨ ਲਈ ਧੱਕੇ ਨਾਲ ਅੰਬੇਦਕਰ ਤੋਂ ‘ਪੂੰਨਾ ਪੈਕਟ’ ਉੱਤੇ ਦਸਤਖਤ ਕਰਵਾਏ ਸਨ। ਇਸ ਤਰ੍ਹਾਂ 3000 ਸਾਲਾਂ ਤੋਂ ਦੁਰਕਾਰੇ ਅਛੂਤਾਂ ਉੱਤੇ ਵੱਡੇ ਹਿੰਦੂ ਸਮਾਜ ਦੀ ਚਾਦਰ ਤਾਣ ਦਿੱਤੀ ਸੀ। ਉਹ ਹਿੰਦੂਵਾਦੀ ਸਿਆਸਤ ਮੁਸਲਿਮ ਲੀਗ ਨਾਲ ਸਿੱਧੀ ਟੱਕਰ ਵਿੱਚ ਅੜ੍ਹ ਗਈ। ਜਿਸ ਟੱਕਰ ਵਿੱਚੋਂ ਹੀ ਪਾਕਿਸਤਾਨ ਬਣਿਆ।

ਇੰਦਰਾ ਗਾਂਧੀ ਨੇ ਉਸੇ ਹਿੰਦੂਤਵੀ ਸਿਆਸਤ ਦਾ ਦਮ ਭਰਦਿਆਂ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ, ਭਾਰਤ ਵਿੱਚ ਕੱਟੜ ਹਿੰਦੂ ਰਾਸ਼ਟਰਵਾਦੀ ਸਿਆਸਤ ਦੀ ਜ਼ਮੀਨ ਤਿਆਰ ਕੀਤੀ ਜਿਸ ਉਪਰ ਭਾਜਪਾ ਦੀ ‘ਮੋਦੀ ਰਾਜ’ ਰੂਪੀ ਫਸਲ ਤਿਆਰ ਹੋਈ। ਹਿੰਦੂਤਵੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਹੀ ਅੱਜ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਸਭਿਆਚਾਰਕ ਚਿੰਨਾਂ/ਪਰੰਪਰਾਵਾਂ ਉੱਤੇ ਹਮਲੇ ਲਗਾਤਾਰ ਜਾਰੀ ਹਨ ਜਿਵੇਂ “ਤਿੰਨ ਤਲਾਕ”, ਨਾਗਰਿਕ ਸੋਧ ਕਾਨੂੰਨ (ਸੀਏਏ), ਲਵ-ਜ਼ਹਾਦ ਆਦਿ ਮੁੱਦੇ ਖੜ੍ਹੇ ਕਰਨਾ। ਹੁਣ ਕਰਨਾਟਕਾ ਦੇ ਉਡਪੀ (Udapi) ਵਿਦਿਆਕ ਅਦਾਰੇ ਵੱਲੋਂ ਮੁਸਲਮਾਨ ਵਿਦਿਆਰਥਣਾਂ ਦੀ ਹਿਜਾਬ ਉੱਤੇ ਪਾਬੰਦੀ ਲਾਉਣਾ ਉਸੇ ਹੀ ਸਿਆਸਤ ਦਾ ਹਿੱਸਾ ਹੈ।

ਸਿੱਖਾਂ ਦਾ ਦੁਖਦਾਈ ਪੱਖ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਉੱਤੇ ਕਾਬਜ਼ ਸਿਆਸੀ ਧਿਰ ਦਾ ਹਿੰਦੂਤਵੀ ਰਾਸ਼ਟਰਵਾਦੀ ਭਾਜਪਾ ਨਾਲ ਕਈ ਦਹਾਕਿਆਂ ਤੋਂ ਸਿੱਧੀ/ਅਸਿੱਧੀ ਸਾਂਝ ਭਿਆਲੀ ਚਲ ਰਹੀ ਹੈ। ਇਸ ਕਰਕੇ, ਅਕਾਲ ਤਖਤ ਦੇ ਜਥੇਦਾਰਾਂ ਨੇ ਕਦੇ ਵੀ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਹਿੰਦੂਤਵੀ ਹਮਲਿਆਂ ਦਾ ਖੁਲ਼੍ਹਕੇ ਵਿਰੋਧ ਨਹੀਂ ਕੀਤਾ।

 

ਕੇਂਦਰੀ ਸਿੰਘ ਸਭਾ ਦੀ ਅਪੀਲ ਹੈ ਕਿ ਸਿੱਖ ਭਾਈਚਾਰੇ ਭਵਿੱਖੀ ਹਿੰਦੂ ਰਾਸ਼ਟਰਵਾਦੀ ਖਤਰਿਆਂ ਤੋਂ ਅਵੇਸਲੇ ਨਾ ਹੋਣ ਅਤੇ ਅਜਿਹੀ ਹਿੰਦੂਤਵੀ ਰਾਜਨੀਤੀ ਭਰਪੂਰ ਵਿਰੋਧ ਕਰਨ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।

Related posts

ਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅ

On Punjab

ਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕ

On Punjab

BSF ‘ਤੇ ਆਲ ਪਾਰਟੀ ਮੀਟਿੰਗ, ਚੰਨੀ ਨੇ ਕਿਹਾ- ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰ ਅਹੁਦਾ ਕੁਰਬਾਨ; ਲੋੜ ਪਈ ਤਾਂ SC ਵੀ ਜਾਵਾਂਗੇ

On Punjab