ਬੇਲਾਗਾਵੀ- ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ ਇਥੇ ਬੇਲਾਗਾਵੀ ਰੇਲਵੇ ਸਟੇਸ਼ਨ ਉੱਤੇ ਅੱਜ ਸਵੇਰੇ ਮਾਲ ਗੱਡੀ ਦੀਆਂ ਦੋ ਬੋਗੀਆਂ ਲੀਹੋਂ ਲੱਥ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਸੱਟ ਫੇਟ ਤੋਂ ਬਚਾਅ ਰਿਹਾ, ਪਰ ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਜ਼ਰੂਰ ਪ੍ਰਭਾਵਿਤ ਹੋਈ। ਮਾਲ ਗੱਡੀ ਦੀਆਂ ਬੋਗੀਆਂ ਬੇਲਾਗਾਵੀ ਵਿਚ ਕਾਂਗਰਸ ਰੋਡ ’ਤੇ ਮਿਲਟਰੀ ਮਹਾਵੇਦ ਮੰਦਰ ਦੇ ਬਿਲਕੁਲ ਸਾਹਮਣੇ ਰੇਲਵੇ ਟਰੈਕ ਤੋਂ ਲੱਥੀਆਂ।
ਮਾਲ ਗੱਡੀ ਮਹਾਰਾਸ਼ਟਰ ਦੇ ਮਿਰਾਜ ਵੱਲ ਜਾ ਰਹੀ ਸੀ। ਦੱਖਣੀ ਪੱਛਮੀ ਰੇਲਵੇ ਨੇ ਕਿਹਾ ਕਿ ਟਰੈਕ ’ਤੇ ਰੇਲਗੱਡੀਆਂ ਦੀ ਆਵਾਜਾਈ ਬਹਾਲ ਕਰਨ ਲਈ ਹੁਬਲੀ ਤੋਂ ਐਕਸੀਡੈਂਟ ਰਿਲੀਫ਼ ਟਰੇਨ ਭੇਜੀ ਗਈ ਹੈ। ਸਬੰਧਤ ਸਟੇਸ਼ਨਾਂ ’ਤੇ ਖੱਜਲ ਖੁਆਰ ਹੋਣ ਵਾਲੇ ਯਾਤਰੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਬੇਲਾਗਾਵੀ ਰੇਲਵੇ ਪੁਲੀਸ ਵੱਲੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ।