ਬੰਗਲੂਰੂ- ਕਰਨਾਟਕ ਵਿਧਾਨ ਸਭਾ ਨੇ ਵਿਰੋਧੀ ਧਿਰ ਭਾਜਪਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚਾਲੇ ਅੱਜ ਜਨਤਕ ਠੇਕਿਆਂ ਵਿੱਚ ਮੁਸਲਮਾਨਾਂ ਨੂੰ 4 ਫੀਸਦ ਰਾਖਵਾਂਕਰਨ ਦੇਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਭਾਜਪਾ ਵਿਧਾਇਕਾਂ ਨੇ ਮੰਚ ’ਤੇ ਚੜ੍ਹ ਕੇ ਸਪੀਕਰ ਯੂਟੀ ਖਾਦਰ ਵੱਲ ਕਾਗਜ਼ ਸੁੱਟੇ। ਖਾਦਰ ਦੇ ਹੁਕਮਾਂ ’ਤੇ ਸਪੀਕਰ ਦੀ ਕੁਰਸੀ ਘੇਰਨ ਦੀ ਕੋਸ਼ਿਸ਼ ਕਰਨ ਵਾਲੇ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਬਾਹਰ ਕੱਢ ਦਿੱਤਾ ਗਿਆ ਤੇ ਸਪੀਕਰ ਦਾ ‘ਅਪਮਾਨ’ ਕਰਨ ਦੇ ਦੋਸ਼ ਹੇਠ 18 ਭਾਜਪਾ ਵਿਧਾਇਕਾਂ ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਕਾਨੂੰਨ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਇਸ ਸਬੰਧੀ ਮਤਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਭਾਜਪਾ ਨੇ ਸਰਕਾਰ ’ਤੇ ਇੱਕ ਮੰਤਰੀ ਨੂੰ ‘ਹਨੀ ਟ੍ਰੈਪ’ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ। ਭਾਜਪਾ ਨੇ ਉਸ ਦੇ ਵਿਧਾਇਕਾਂ ਨੂੰ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਹੈ।
ਬਾਅਦ ਵਿੱਚ ਪਾਟਿਲ ਨੇ ‘ਕਰਨਾਟਕ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਓਰਮੈਂਟਸ (ਸੋਧ) ਬਿੱਲ 2025’ ਪੇਸ਼ ਕੀਤਾ। ਮੰਤਰੀ ਮੰਡਲ ਨੇ ਪਿਛਲੇ ਸ਼ੁੱਕਰਵਾਰ ਨੂੰ ਐਕਟ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਤਹਿਤ 2 ਕਰੋੜ ਰੁਪਏ ਤੱਕ ਦੇ (ਸਿਵਲ) ਕੰਮਾਂ ਵਿੱਚ 4 ਫੀਸਦ ਠੇਕੇ ਮੁਸਲਮਾਨਾਂ ਲਈ ਰਾਖਵੇਂ ਰੱਖੇ ਗਏ ਸਨ। ਇਸ ਦਾ ਐਲਾਨ ਮੁੱਖ ਮੰਤਰੀ ਸਿਧਾਰਮਈਆ ਨੇ 7 ਮਾਰਚ ਨੂੰ ਪੇਸ਼ ਕੀਤੇ 2025-26 ਦੇ ਬਜਟ ਵਿੱਚ ਕੀਤਾ ਸੀ। ਇਸ ਦੌਰਾਨ ਪੈਲੇਸ ਗਰਾਊਂਡ ’ਤੇ ਸੂਬਾ ਸਰਕਾਰ ਦੇ ਕੰਟਰੋਲ ਲਈ ‘ਬੰਗਲੂਰੂ ਪੈਲੇਸ (ਸੋਧ) ਬਿੱਲ ਵੀ ਪਾਸ ਕੀਤਾ ਗਿਆ।
ਭਾਜਪਾ ਨੇ ਕਰਨਾਟਕ ਸਰਕਾਰ ਦੇ ਸਰਕਾਰੀ ਠੇਕਿਆਂ ’ਚ ਮੁਸਲਮਾਨਾਂ ਨੂੰ ਚਾਰ ਫ਼ੀਸਦ ਰਾਖਵਾਂਕਰਨ ਦੇਣ ਦੇ ਕਦਮ ਨੂੰ ‘ਗੈਰ-ਸੰਵਿਧਾਨਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਇਸ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਅਤੇ ਇਸ ਨੂੰ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਜਾਵੇਗੀ।