ਮੁੰਬਈ: ਪੰਜਾਬੀ ਗਾਇਕ ਕਰਨ ਔਜਲਾ ਦੇ ਮੁਲਕ ਭਰ ’ਚ ਹੋ ਰਹੇ ਕੰਸਰਟ ਵਿੱਚ ਵੱਡੇ-ਵੱਡੇ ਸਟਾਰ ਸ਼ਾਮਲ ਹੋ ਰਹੇ ਹਨ। ਗਾਇਕ ਦੇ ਦਿੱਲੀ ਵਿੱਚ ਹੋਏ ਸਮਾਗਮ ਦੌਰਾਨ ਅਦਾਕਾਰ ਵਰੁਣ ਧਵਨ ਅਤੇ ਰੈਪਰ ਬਾਦਸ਼ਾਹ ਨੇ ਹਾਜ਼ਰੀ ਲਗਵਾਈ ਸੀ। ਇਸ ਲੜੀ ਤਹਿਤ ਮੁੰਬਈ ਵਿੱਚ ਸਮਾਗਮ ਵਿੱਚ ਬੌਲੀਵੁੱਡ ਕਲਾਕਾਰਾਂ ਨੇ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਸਟੇਜ ’ਤੇ ਨਜ਼ਰ ਆਏ। ਫਿਲਮ ‘ਸੈਮ ਬਹਾਦਰ’ ਦੇ ਅਦਾਕਾਰ ਵਿੱਕੀ ਕੌਸ਼ਲ ਅਤੇ ਗਾਇਕ ਔਜਲਾ ਨੇ ‘ਤੌਬਾ ਤੌਬਾ’ ਗੀਤ ’ਤੇ ਇਕੱਠਿਆਂ ਪੇਸ਼ਕਾਰੀ ਦੇ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਭੀੜ ਵੱਲੋਂ ਕੈਟਰੀਨਾ ਕੈਫ ਦਾ ਨਾਂ ਵੀ ਲਿਆ ਗਿਆ ਤਾਂ ਕੌਸ਼ਲ ਨੇ ਮੁਸਕਰਾ ਕੇ ਹੁੰਗਾਰਾ ਭਰਿਆ। ਇਸ ਸਮਾਗਮ ਦੌਰਾਨ ਜਦੋਂ ਦੋਵਾਂ ਨੇ ਆਪਣੇ ਗੀਤ ‘ਤੌਬਾ ਤੌਬਾ’ ਦੀ ਪੇਸ਼ਕਾਰੀ ਸ਼ੁਰੂ ਕੀਤੀ ਤਾਂ ਦਰਸ਼ਕ ਖੁਸ਼ੀ ’ਚ ਖੀਵੇ ਹੋ ਗਏ। ਇੰਨਾ ਹੀ ਨਹੀਂ, ਦਰਸ਼ਕਾਂ ਦਾ ਪਿਆਰ ਦੇਖ ਕੇ ਦੋਵੇਂ ਕਲਾਕਾਰ ਵੀ ਬਾਗੋਬਾਗ ਨਜ਼ਰ ਆਏ। ਇਸ ਦੌਰਾਨ ਗਾਇਕ ਕਰਨ ਔਜਲਾ ਉਸ ਸਮੇਂ ਭਾਵੁਕ ਹੋ ਗਏ ਜਦੋਂ ਅਦਾਕਾਰ ਵਿੱਕੀ ਕੌਸ਼ਲ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਵੱਲੋਂ ਕੀਤੀ ਮਿਹਨਤ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਔਜਲਾ ਦੀ ਇਸ ਕਾਮਯਾਬੀ ਨੂੰ ਉਨ੍ਹਾਂ ਦੇ ਮਾਪੇ ਸਵਰਗ ਤੋਂ ਦੇਖ ਰਹੇ ਹੋਣਗੇ ਅਤੇ ਆਪਣੇ ਪੁੱਤਰ ’ਤੇ ਮਾਣ ਮਹਿਸੂਸ ਕਰਦੇ ਹੋਣਗੇ। ਕੌਸ਼ਲ ਨੇ ਕਿਹਾ ਕਿ ਔਜਲਾ ਗੀਤਾਂ ਦੀ ਮਸ਼ੀਨ ਹੀ ਨਹੀਂ ਬਲਕਿ ਗੀਤਾਂ ਦੀ ਸਨਅਤ ਹੈ। ਇਹ ਕਾਮਯਾਬੀ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਫਲ ਹੈ। ਇਸ ਦੌਰਾਨ ‘ਚਮਕੀਲਾ’ ਫਿਲਮ ਦੇ ਗੀਤ ‘ਪਹਿਲੇ ਲਲਕਾਰੇ ਨਾਲ’ ਉੱਤੇ ਅਦਾਕਾਰਾ ਪਰਿਨੀਤੀ ਨੇ ਵੀ ਔਜਲਾ ਨਾਲ ਸਟੇਜ ’ਤੇ ਪੇਸ਼ਕਾਰੀ ਦਿੱਤੀ।
previous post