ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਮੇਅਰਾਂ ਦੀਆਂ ਸ਼ਕਤੀਆਂ ਸੀਮਿਤ ਕਰਨ ਵਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਵੀਰਵਾਰ ਰਾਤ ਝੜਪ ਹੋਈ। ਇਸ ’ਚ ਇਕ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ।
ਸਥਾਨਕ ਮੀਡੀਆ ਮੁਤਾਬਕ, ਰੈਲੀ ’ਚ ਸ਼ਾਮਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵੱਲ ਵਧਣ ਤੋਂ ਰੋਕਣ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ। ਮੁੱਤਾਹਿਦਾ ਕੌਮੀ ਮੂਵਮੈਂਟ ਯਾਨੀ ਐੱਮਕਿਊਐੱਮ ਨੇ ਕਿਹਾ ਕਿ ਪਾਰਟੀ ਮੈਂਬਰ ਮੁਹੰਮਦ ਅਸਲਮ ਦੀ ਹਸਪਤਾਲ ’ਚ ਮੌਤ ਹੋ ਗਈ। ਪੁਲਿਸ ਨਾਲ ਟਕਰਾਅ ’ਚ ਉਹ ਜ਼ਖ਼ਮੀ ਹੋ ਗਿਆ ਸੀ। ਦਰਜਨਾਂ ਜ਼ਖ਼ਮੀਆਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਐੱਮਕਿਊਐੱਮ ਮੁੱਖ ਰੂਪ ’ਚ ਮੁਹਾਜਿਰਾਂ ਦੀ ਅਗਵਾਈ ਕਰਦਾ ਹੈ। ਸਿੰਧ ਪ੍ਰਾਂਤ ਦੀ ਰਾਜਧਾਨੀ ਕਰਾਚੀ ’ਚ ਇਸ ਦਾ ਸਿਆਸੀ ਪ੍ਰਭਾਵ ਹੈ। ਐੱਮਕਿਊਐੱਮ ਨੇ ਅੰਦੋਲਨ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ।