ਅਜੋਕੀ ਨੌਜਵਾਨ ਪੀੜ੍ਹੀ ਪੁਰਾਣੇ ਸਮਿਆਂ ਨਾਲੋਂ ਵਧੇਰੇ ਜਾਗਰੂਕ ਹੈ। ਅੱਜ ਹਰ ਵਿਦਿਆਰਥੀ ਨੇ ਆਪਣੀ ਮੰਜ਼ਿਲ ਤਾਂ ਤੈਅ ਕੀਤੀ ਹੈ ਪਰ ਉਸ ਨੂੰ ਮੰੰਜ਼ਿਲ ਤਕ ਪਹੁੰਚਣ ਦਾ ਰਸਤਾ ਨਹੀਂ ਪਤਾ ਹੁੰਦਾ। ਕਈ ਵਾਰ ਰਸਤਿਆਂ ਦੀ ਭਟਕਣ ‘ਚ ਉਹ ਗੁਆਚ ਜਾਂਦੇ ਹਨ। ਇਸ ਲਈ ਚਾਹੀਦਾ ਹੈ ਕਿ ਸਾਨੂੰ ਮੈਟ੍ਰਿਕ ਤਂੋ ਬਾਅਦ ਹੀ ਆਪਣੇ ਅਗਲੇ ਖ਼ੇਤਰ ਬਾਰੇ ਸੋਚ ਲੈਣਾ ਚਾਹੀਦਾ ਹੈ। ਆਓ, ਜਾਣਦੇ ਹਾਂ ਅਜਿਹੇ ਕੋਰਸਾਂ ਬਾਰੇ, ਜਿਨ੍ਹਾਂ ਨੂੰ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਚੁਣ ਸਕਦੇ ਹਨ।
ਬੀਏ
ਆਰਟਸ ਦੇ ਵਿਦਿਆਰਥੀ ਬੀਏ ਕਰ ਸਕਦੇ ਹਨ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਐੱਮਏ ਦੀ ਡਿਗਰੀ ਜਾਂ ਬੀਐੱਡ ਦਾ ਕੋਰਸ ਕੀਤਾ ਜਾ ਸਕਦਾ ਹੈ। ਐੱਮਏ ਤਂੋ ਬਾਅਦ ਯੂਜੀਸੀ ਨੈੱਟ ਦਾ ਟੈਸਟ ਪਾਸ ਕਰ ਕੇ ਕਾਲਜ ‘ਚ ਅਤੇ ਬੀਐੱਡ ਤਂੋ ਬਾਅਦ ਸਕੂਲ ‘ਚ ਅਧਿਆਪਕ ਦੀ ਨੌਕਰੀ ਕੀਤੀ ਜਾ ਸਕਦੀ ਹੈ। ਬੀਏ ਤੋਂ ਬਾਅਦ ਬਹੁਤ ਸਾਰੀਆਂ ਭਰਤੀਆਂ ਹੁੰਦੀਆਂ ਹਨ, ਜਿਵੇਂ ਪੁਲਿਸ, ਪਟਵਾਰੀ, ਇਨਕਮ ਵਿਭਾਗ, ਕਲਰਕ, ਆਈਏਐੱਸ ਆਦਿ।
ਬੀਬੀਏ
ਬੀਬੀਏ ‘ਚ ਬਿਜ਼ਨਸ ਨਾਲ ਸਬੰਧਤ ਪੜ੍ਹਾਈ ਹੁੰਦੀ ਹੈ। ਇਸ ਤਂੋ ਬਾਅਦ ਵਿਦਿਆਰਥੀ ਐੱਮਬੀਏ ਕਰ ਸਕਦੇ ਹਨ। ਜਿਹੜੇ ਵਿਦਿਆਰਥੀ ਬਿਜ਼ਨਸ ਅਤੇ ਵਪਾਰਕ ਕੰਮਾਂ ‘ਚ ਰੁਚੀ ਰੱਖਦੇ ਹਨ, ਉਹ ਬੀਬੀਏ ਦੀ ਡਿਗਰੀ ਕਰ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਕਿਸੇ ਵੀ ਸਰਕਾਰੀ ਤੇ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰ ਸਕਦੇ ਹਨ।
ਬੀਕਾਮ
ਬੀਕਾਮ ਕਰਨ ਵਾਸਤੇ ਵੈਸੇ ਤਾਂ ਬਾਰ੍ਹਵੀ ਜਮਾਤ ‘ਚ ਕਾਮਰਸ ਵਿਸ਼ਾ ਰੱਖਣਾ ਪੈਦਾ ਹੈ ਪਰ ਹੁਣ ਹਰੇਕ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਛੂਟ ਦੇ ਦਿੱਤੀ ਹੈ। ਹੁਣ ਆਰਟਸ ਦਾ ਵਿਦਿਆਰਥੀ ਵੀ ਬੀਕਾਮ ਕਰ ਸਕਦਾ ਹੈ। ਇਸ ਤੋਂ ਬਾਅਦ ਵਿਦਿਆਰਥੀ ਬੈਂਕਿੰਗ ਸੈਕਟਰ ‘ਚ ਨੌਕਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀਆਂ ‘ਚ ਅਕਾਊਂਟੈਂਟ, ਕਲਰਕ ਅਤੇ ਸਕੂਲਾਂ ‘ਚ ਅਧਿਆਪਕ ਦੀ ਨੌਕਰੀ ਕਰ ਸਕਦੇ ਹਨ। ਬੀਕਾਮ ਤੋਂ ਬਾਅਦ ਵਿਦਿਆਰਥੀ ਐੱਮਕਾਮ ਕਰ ਸਕਦੇ ਹਨ।
ਸੀਏ
ਚਾਰਟਰਡ ਐਂਡ ਅਕਾਊਂਟੈਂਟ ਅਕਾਊਂਟਸ ਦੇ ਖੇਤਰ ‘ਚ ਮਾਹਿਰ ਹੁੰਦੇ ਹਨ। ਇਹ ਵਿੱਤੀ ਰਿਪੋਰਟਾਂ, ਟੈਕਸ ਰਿਟਰਨ, ਜੀਐੱਸਟੀ ਆਦਿ ਮਹੱਤਵਪੂਰਨ ਕੰਮ ਕਰਦੇ ਹਨ। ਇਸ ਦੇ ਦਾਖ਼ਲੇ ਲਈ ਵਿਦਿਆਰਥੀ ਨੂੰ ਬਾਰ੍ਹਵੀ ਦੇ ਨਾਲ ਸੀਪੀਟੀ (ਕਾਮਨ ਪ੍ਰੋਫਿਸੀਐਂਸੀ ਟੈਸਟ) ਪਾਸ ਕਰਨਾ ਹੁੰਦਾ ਹੈ ਅਤੇ ਆਈਸੀਏਆਈ ਦੇ ਆਈਪੀਸੀ ‘ਚ ਦਾਖ਼ਲਾ ਲੈਣਾ ਹੁੰਦਾ ਹੈ।
ਬੀਐੱਸਸੀਆਈਟੀ
ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀ ਡੀਸੀਏ (ਡਿਪਲੋਮਾ ਕੰਪਿਊਟਰ ਐਪਲੀਕੇਸ਼ਨ) ਦਾ ਕੋਰਸ ਕਰ ਸਕਦੇ ਹਨ। ਇਸ ਮਗਰੋਂ ਕਿਸੇ ਪ੍ਰਾਈਵੇਟ ਫਰਮ ‘ਚ ਨੌਕਰੀ ਕਰ ਸਕਦੇ ਹੋ। ਡੀਸੀਏ ਦਾ ਕੋਰਸ ਬੀਐੱਸਸੀਆਈਟੀ ਦੀ ਡਿਗਰੀ ਦੇ ਪਹਿਲੇ ਸਾਲ ਦੇ ਬਰਾਬਰ ਹੁੰਦਾ ਹੈ। ਜੇ ਵਿਦਿਆਰਥੀ ਨੇ ਇਕ ਸਾਲ ਡੀਸੀਏ ‘ਚ ਲਾਇਆ ਹੈ ਤਾਂ ਬੀਐੱਸਸੀ ਦੇ ਦੂਜੇ ਸਾਲ ‘ਚ ਦਾਖ਼ਲਾ ਮਿਲ ਜਾਦਾ ਹੈ।
ਬੀਐੱਡ
ਬੀਏ ਤੋਂ ਬਾਅਦ ਵਿਦਿਆਰਥੀ ਬੀਐੱਡ ਕਰ ਸਕਦੇ ਹਨ। ਇਸ ਦੇ ਦੋ ਮੁੱਖ ਵਿਸ਼ੇ ਹੁੰਦੇ ਹਨ, ਜੋ ਬੀਏ ਦੀ ਡਿਗਰੀ ਨਾਲ ਸਬੰਧਤ ਹੁੰਦੇ ਹਨ। ਦੋ ਵਿਸ਼ਿਆਂ ਦੀ ਚੋਣ ਬੀਏ ਦੇ ਵਿਸ਼ਿਆਂ ‘ਤੇ ਆਧਾਰਿਤ ਹੁੰਦੀ ਹੈ। ਜੇ ਵਿਦਿਆਰਥੀ ਨੇ ਬੀਐੱਡ ਕਰਨੀ ਹੈ ਤਾਂ ਬੀਏ ਦੇ ਵਿਸ਼ੇ ਚੁਣਦੇ ਸਮਂੇ ਇਹ ਧਿਆਨ ਰੱਖਣਾ ਪਵੇਗਾ ਕਿ ਇਨ੍ਹਾਂ ਦਾ ਮੇਲ ਬਣਦਾ ਹੋਵੇ। ਬੀਐੱਡ ਤੋਂ ਬਾਅਦ ਵਿਦਿਆਰਥੀ ਟੀਜੀਟੀ ਅਧਿਆਪਕ ਦੀ ਕੈਟਾਗਰੀ ‘ਚ ਆ ਸਕਦੇ ਹਨ ਅਤੇ ਛੇਵੀਂ ਤੋਂ ਅੱਠਵੀਂ ਤਕ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ। ਸਰਕਾਰੀ ਸਕੂਲਾਂ ‘ਚ ਨੌਕਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਨੂੰ ਸੂਬਾ ਪੱਧਰ ਦੇ ਟੈਸਟ ਲਈ ਪੀਐੱਸਈਟੀ-2 ਅਤੇ ਸੈਂਟਰਲ ਲੈਵਲ ਦੇ ਟੈਸਟ ਲਈ ਸੀਟੀਈਟੀ ਪਾਸ ਕਰਨੀ ਹੁੰਦੀ ਹੈ। ਬੀਐੱਡ ਤੋਂ ਬਾਅਦ ਵਿਦਿਆਰਥੀ ਐੱਮਐੱਡ ਕਰ ਸਕਦੇ ਹਨ, ਜੋ ਪ੍ਰਿੰਸੀਪਲ ਦੀ ਨੌਕਰੀ ਕਰ ਸਕਦੇ ਹਨ।
ਬੀਸੀਏ
ਅੱਜ ਕੰਪਿਊਟਰ ਦਾ ਯੁੱਗ ਹੈ। ਹਰ ਕੰਮ ਲਈ ਕੰਪਿਊਟਰ ਦਾ ਗਿਆਨ ਹੋਣਾ ਜ਼ਰੂਰੀ ਹੈ, ਜਿਸ ਨਾਲ ਬੀਸੀਏ ਦੀ ਡਿਗਰੀ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ। ਬੀਸੀਏ ਤਂੋ ਬਾਅਦ ਵਿਦਿਆਰਥੀ ਐੱਮਸੀਏ ਜਾਂ ਪੀਜੀਡੀਸੀਏ ਕਰ ਸਕਦੇ ਹਨ। ਐੱਮਸੀਏ ਤੋਂ ਬਾਅਦ ਵਿਦਿਆਰਥੀ ਸਾਫਟਵੇਅਰ ਕੰਪਨੀਆਂ ‘ਚ ਨੌਕਰੀ ਕਰ ਸਕਦੇ ਹਨ ਤੇ ਸਕੂਲ ‘ਚ ਕੰਪਿਊਟਰ ਅਧਿਆਪਕ ਲੱਗ ਸਕਦੇ ਹਨ।
ਈਟੀਟੀ
ਬਾਰ੍ਹਵੀ ਤੋਂ ਬਾਅਦ ਵਿਦਿਆਰਥੀ ਈਟੀਟੀ ਦੋ ਸਾਲ ਦਾ ਪ੍ਰੋਫੈਸ਼ਨਲ ਕੋਰਸ ਕਰ ਸਕਦੇ ਹਨ, ਜਿਸ ਨਾਲ ਵਿਦਿਆਰਥੀ ਐਲੀਮੈਂਟਰੀ ਸਕੂਲਾਂ ‘ਚ ਪੰਜਵੀਂ ਤਕ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ ਅਤੇ ਪੀਐੱਸਟੀਈਟੀ-1 ਪਾਸ ਕਰ ਕੇ ਸਕਰਾਰੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ।
ਬੀਏ-ਐੱਲਐੱਲਬੀ
ਐੱਲਐੱਲਬੀ ਦਾ ਕੋਰਸ ਬੀਏ ਤੋਂ ਬਾਅਦ ਹੁੰਦਾ ਹੈ, ਜਿਸ ‘ਚ ਵਕਾਲਤ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਬੀਏ-ਐੱਲਐੱਲਬੀ ਦਾ ਕੋਰਸ ਹੁੰਦਾ ਹੈ, ਜੋ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਕਰ ਸਕਦੇ ਹਨ। ਇਸ ਤੋਂ ਬਾਅਦ ਐੱਲਐੱਲਐੱਮ ਦਾ ਕੋਰਸ ਕੀਤਾ ਜਾ ਸਕਦਾ ਹੈ।
ਬੀਐੱਸਸੀ ਨਰਸਿੰਗ
ਬੀਐੱਸਸੀ ਨਰਸਿੰਗ ਦੀ ਡਿਗਰੀ ਆਮ ਤੌਰ ‘ਤੇ ਲੜਕੀਆਂ ਲਈ ਹੈ। ਇਹ ਡਿਗਰੀ ਕਰ ਕੇ ਉਹ ਨਰਸ ਲੱਗ ਸਕਦੀਆਂ ਹਨ।
ਬੀਟੈੱਕ
ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀ ਬੀਟੈੱਕ ਕਰ ਸਕਦੇ ਹਨ। ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਕੈਮੀਕਲ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ। ਇਸ ਲਈ ਬਾਰ੍ਹਵੀਂ ‘ਚ ਸਾਇੰਸ ਸਟਰੀਮ ‘ਚ ਫਿਜ਼ਿਕਸ, ਕੈਮਿਸਟਰੀ, ਮੈਥ ਵਿਸ਼ੇ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਕੰਪਨੀਆਂ ‘ਚ ਨੌਕਰੀ ਕਰ ਸਕਦੇ ਹਨ।
ਐੱਮਬੀਬੀਐੱਸ
ਐੱਮਬੀਬੀਐੱਸ ਇਕ ਮਾਸਟਰ ਡਿਗਰੀ ਹੈ, ਜਿਸ ਨੂੰ ਕਰਨ ਮਗਰੋਂ ਤੁਹਾਡੇ ਨਾਂ ਅੱਗੇ ਡਾਕਟਰ ਲੱਗ ਜਾਂਦਾ ਹੈ। ਇਸ ਖੇਤਰ ‘ਚ ਕਰੀਅਰ ਬਣਾਉਣ ਲਈ ਤੁਹਾਨੂੰ ਬਾਰ੍ਹਵੀਂ ਕਲਾਸ ਬਾਇਓਲੋਜੀ, ਫਿਜ਼ਿਕਸ, ਕੈਮਿਸੈਟਰੀ ਵਿਸ਼ਿਆਂ ਨਾਲ ਕਰਨ ਤੋਂ ਬਾਅਦ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ। ਇਸ ਕੋਰਸ ‘ਚ ਦਾਖ਼ਲਾ ਲੈਣ ਲਈ ਬਾਰ੍ਹਵੀਂ ਕਲਾਸ ਵਿੱਚੋਂ ਘੱਟੋ ਘੱਟ 50 ਫ਼ੀਸਦੀ ਨੰਬਰਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਇਸ ਕੋਰਸ ਦਾ ਸਮਾਂ ਚਾਰ ਸਾਲ ਛੇ ਮਹੀਨੇ ਦਾ ਹੁੰਦਾ ਹੈ, ਜਿਸ ‘ਚ ਨੌਂ ਸਮੈਸਟਰ ਹੁੰਦੇ ਹਨ। ਇਸ ਤੋਂ ਬਾਅਦ ਸਰਕਾਰੀ ਤੇ ਪ੍ਰਾਈਵੇਟ ਕਾਲਜ ‘ਚ ਦਾਖ਼ਲਾ ਲੈਣ ਲਈ ‘ਨੀਟ’ ਪਾਸ ਕਰਨਾ ਹੁੰਦਾ ਹੈ।
ਬੀਡੀਐੱਸ
ਬੈਚਲਰ ਆਫ ਡੈਂਟਲ ਸਰਜਰੀ ਕੋਰਸ ਕਰਨ ਲਈ ਬਾਰ੍ਹਵੀਂ ਕਲਾਸ ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਵਿਸ਼ਿਆਂ ਨਾਲ 50 ਫ਼ੀਸਦੀ ਅੰਕਾਂ ਨਾਲ ਪਾਸ ਕਰਨੀ ਜ਼ਰੂਰੀ ਹੈ। ਇਸ ‘ਚ ਦਾਖ਼ਲਾ ਲੈਣ ਲਈ ਨੀਟ, ਏਆਈਪੀਐੱਮਟੀ, ਸੀਓਐੱਮਡੀਕੇ ਟੈਸਟ ਪਾਸ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਤੁਸੀਂ ਬੀਡੀਐੱਸ ਵਿਚ ਦਾਖ਼ਲਾ ਲੈ ਸਕਦੇ ਹੋ।
ਬੀ-ਫਾਰਮੇਸੀ
ਫਾਰਮੇਸੀ ਦਾ ਸਿੱਧਾ ਸਬੰਧ ਦਵਾਈਆਂ ਤੇ ਡਰੱਗਜ਼ ਨਾਲ ਹੈ। ਜੇ ਤੁਸੀਂ ਫਾਰਮੇਸੀ ‘ਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੀ-ਫਾਰਮੇਸੀ ਜਾਂ ਐੱਮ-ਫਾਰਮੇਸੀ ‘ਚ ਦਾਖ਼ਲਾ ਲੈ ਸਕਦੇ ਹੋ। ਇਹ ਚਾਰ ਸਾਲ ਦਾ ਕੋਰਸ ਹੁੰਦਾ ਹੈ। ਇਸ ਕੋਰਸ ‘ਚ ਦਵਾਈਆਂ ਬਣਾਉਣਾ, ਉਨ੍ਹਾਂ ਨੂੰ ਟੈਸਟ ਕਰਨਾ ਆਦਿ ਫਾਰਮੇਸੀ ਨਾਲ ਜੁੜੀ ਹਰੇਕ ਜਾਣਕਾਰੀ ਦਿੱਤੀ ਜਾਂਦੀ ਹੈ।
ਡੀ-ਫਾਰਮੇਸੀ
ਫਾਰਮੇਸੀ ‘ਚ ਡਿਪਲੋਮਾ ਕੋਰਸ 2 ਸਾਲ ਦਾ ਹੈ। ਫਾਰਮੇਸੀ ਵਿਚ ਡਿਪਲੋਮਾ ਕਰਨ ਤੋਂ ਬਾਅਦ ਤੁਸੀਂ ਆਪਣਾ ਮੈਡੀਕਲ ਸਟੋਰ ਖੋਲ੍ਹ ਸਕਦੇ ਹੋ ਅਤੇ ਕਿਸੇ ਕੰਪਨੀ ‘ਚ ਨੌਕਰੀ ਕਰ ਸਕਦੇ ਹੋ।
ਬੀਏਐੱਮਐੱਸ
ਬੀਏਐੱਮਐੱਸ ਇਕ ਮੈਡੀਕਲ ਕੋਰਸ ਹੈ। ਬੀਏਐੱਮਐੱਸ ਅੰਡਰ ਗੈਜੂਏਸ਼ਨ ਡਿਗਰੀ ਹੈ। ਦੇਸ਼ ਵਿਚ ਇਸ ਕੋਰਸ ਨੂੰ ਸੈਂਟਰਲ ਕੌਂਸਲ ਆਫ ਮੈਡੀਸਨ ਦੁਆਰਾ ਮਾਨਤਾ ਦਿੱਤੀ ਗਈ ਹੈ। ਇਹ 5 ਸਾਲ ਦਾ ਕੋਰਸ ਹੈ। ਇਸ ਕੋਰਸ ਨੂੰ ਕਰਨ ਲਈ ਬਾਰ੍ਹਵੀਂ ਕਲਾਸ ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਵਿਸ਼ਿਆਂ ‘ਚ 50 ਫ਼ੀਸਦੀ ਅੰਕਾਂ ਨਾਲ ਪਾਸ ਕਰਨੀ ਲਾਜ਼ਮੀ ਹੈ।