ਰੀਅਲ ਮੈਡਿ੍ਡ ਦੇ ਨਾਲ ਪਿਛਲੇ ਸੈਸ਼ਨ ਵਿਚ ਯੂਏਫਾ ਚੈਂਪੀਅਨਜ਼ ਲੀਗ ਤੇ ਸਪੈਨਿਸ਼ ਲੀਗ ਲਾ ਲੀਗਾ ਦੀ ਜੇਤੂ ਟਰਾਫੀ ਜਿੱਤਣ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਸਟ੍ਰਾਈਕਰ ਕਰੀਮ ਬੇਂਜੇਮਾ ਨੇ ਪਹਿਲੀ ਵਾਰ ਮਰਦ ਵਰਗ ਦਾ ਬੇਲਨ ਡਿਓਰ ਪੁਰਸਕਾਰ ਆਪਣੇ ਨਾਂ ਕੀਤਾ। ਉਹ ਇਹ ਪੁਰਸਕਾਰ ਜਿੱਤਣ ਵਾਲੇ ਫਰਾਂਸ ਦੇ ਪੰਜਵੇਂ ਖਿਡਾਰੀ ਵੀ ਬਣ ਗਏ।
ਸਪੇਨ ਦੀ ਮਹਿਲਾ ਖਿਡਾਰੀ ਏਲੇਕਸੀਆ ਪੁਤੇਲਾਸ ਨੇ ਬਾਰਸੀਲੋਨਾ ਵਲੋਂ ਇਕ ਵਾਰ ਮੁੜ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਲਗਾਤਾਰ ਦੂਜੇ ਸਾਲ ਮਹਿਲਾਵਾਂ ਦੀ ਟਰਾਫੀ ਜਿੱਤੀ। ਉਹ ਦੂਜੀ ਵਾਰ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਪਿਛਲਾ ਸੈਸ਼ਨ ਮੈਡਿ੍ਡ ਵੱਲੋਂ ਬੇਂਜੇਮਾ ਦਾ ਸਰਬੋਤਮ ਸੈਸ਼ਨ ਰਿਹਾ। ਉਹ ਚੈਂਪੀਅਨਜ਼ ਲੀਗ ਤੇ ਸਪੈਨਿਸ਼ ਲੀਗ ਦੋਵਾਂ ਵਿਚ ਸਿਖਰਲੇ ਸਕੋਰਰ ਰਹੇ। ਉਨ੍ਹਾਂ ਨੇ ਕਲੱਬ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਦੂਜੇ ਸਥਾਨ ‘ਤੇ ਮੌਜੂਦ ਰਾਲ ਗੋਂਜਾਲੇਜ ਦੀ ਬਰਾਬਰੀ ਕੀਤੀ। ਟੀਮ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਨਾਂ ਦਰਜ ਹੈ। ਬੇਂਜੇਮਾ ਨੇ ਇਸ ਪੁਰਸਕਾਰ ਦੀ ਦੌੜ ਵਿਚ ਸਾਦੀਓ ਮਾਨੇ ਤੇ ਮਾਨਚੈਸਟਰ ਸਿਟੀ ਦੇ ਕੇਵਿਨ ਡੀ ਬਰੂਨ ਨੂੰ ਪਛਾੜਿਆ। ਮਾਨੇ ਪਿਛਲੇ ਸੈਸ਼ਨ ਵਿਚ ਇੰਗਲਿਸ਼ ਕਲੱਬ ਲਿਵਰਪੂਲ ਵੱਲੋਂ ਖੇਡ ਰਹੇ ਸਨ ਪਰ ਇਸ ਸੈਸ਼ਨ ਲਈ ਬਾਇਰਨ ਮਿਊਨਿਖ ਨਾਲ ਜੁੜ ਗਏ। ਏਲੇਕਸੀਆ ਨੇ ਬਾਰਸੀਲੋਨਾ ਦੇ ਨਾਲ ਪਿਛਲੇ ਸੈਸ਼ਨ ਵਿਚ ਸਪੈਨਿਸ਼ ਲੀਗ ਦੀ ਜੇਤੂ ਟਰਾਫੀ ਜਿੱਤੀ ਸੀ ਜਦਕਿ ਉਨ੍ਹਾਂ ਦੀ ਟੀਮ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਪੁੱਜੀ। ਖੱਬੇ ਗੋਡੇ ਵਿਚ ਸੱਟ ਕਾਰਨ ਉਹ ਜੁਲਾਈ ਤੋਂ ਫੁੱਟਬਾਲ ਤੋਂ ਦੂਰ ਹੈ। ਏਲੇਕਸੀਆ ਨੇ ਇਸ ਪੁਰਸਕਾਰ ਦੀ ਦੌੜ ਵਿਚ ਆਰਸੇਨਲ ਦੀ ਬੇਨ ਮੀਡ ਤੇ ਚੇਲਸੀ ਦੀ ਸੈਮ ਕੇਰ ਨੂੰ ਪਛਾੜਿਆ।