ਭਾਰਤ ਵਾਸੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਕਲਪਨਾ ਚਾਵਲਾ ਤੋਂ ਬਾਅਦ ਭਾਰਤ ਦੀ ਇਕ ਹੋਰ ਧੀ ਸਿਰੀਸ਼ਾ ਬਾਂਦਲਾ ਜਲਦੀ ਹੀ ਪੁਲਾੜ ਯਾਤਰਾ ਲਈ ਜਾ ਰਹੀ ਹੈ। ਅਮਰੀਕੀ ਪੁਲਾੜ ਯਾਨ ਦੀ ਕੰਪਨੀ ਵਰਜਿਨ ਗੈਲੈਕਟਿਕ ਦੇ ਰਿਚਰਡ ਬ੍ਰੈਨਸਨ ਸਮੇਤ ਛੇ ਲੋਕ ਪੁਲਾੜ ਯਾਤਰਾ ਕਰਨਗੇ। ਇਨ੍ਹਾਂ ਛੇ ਲੋਕਾਂ ਵਿਚ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੀ ਉਡਾਣ 11 ਜੁਲਾਈ ਨੂੰ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗੀ। ਸਿਰੀਸ਼ਾ ਦਾ ਕੰਮ ਖੋਜ ਨਾਲ ਸਬੰਧਤ ਹੋਵੇਗਾ। ਇਸ ਯਾਤਰਾ ‘ਤੇ ਗਏ ਛੇ ਲੋਕਾਂ ‘ਚੋਂ ਦੋ ਔਰਤਾਂ ਸ਼ਾਮਲ ਹਨ। ਸਿਰੀਸ਼ਾ ਤੋਂ ਇਲਾਵਾ ਇੱਕ ਹੋਰ ਔਰਤ ਬੇਸ਼ ਮੂਸਾ ਇਸ ਟੀਮ ਦਾ ਹਿੱਸਾ ਹੈ।
ਖ਼ਬਰਾਂ ਮੁਤਾਬਕ ਸਿਰੀਸ਼ਾ ਬਾਂਦਲਾ ਦਾ ਜਨਮ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿੱਚ ਹੋਇਆ ਅਤੇ ਉਹ ਟੈਕਸਾਸ ਦੇ ਹਿਊਸਟਨ ਵਿੱਚ ਵੱਡੀ ਹੋਈ ਸੀ। ਉਸ ਦਾ ਦਾਦਾ ਬਾਂਦਲਾ ਦਾ ਇੱਕ ਖੇਤੀ ਵਿਗਿਆਨੀ ਹੈ। ਉਸ ਨੇ ਆਪਣੀ ਪੋਤੀ ਦੀ ਇਸ ਪ੍ਰਾਪਤੀ ‘ਤੇ ਕਿਹਾ, “ਮੈਂ ਹਮੇਸ਼ਾਂ ਉਸ ਦੇ ਉਤਸ਼ਾਹ ਨੂੰ ਕੁਝ ਵੱਡਾ ਪ੍ਰਾਪਤ ਕਰਨ ਲਈ ਵੇਖਿਆ ਹੈ ਅਤੇ ਆਖਰਕਾਰ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਜਾ ਰਹੀ ਹੈ। ਮੈਨੂੰ ਯਕੀਨ ਹੈ ਕਿ ਉਹ ਇਸ ਮਿਸ਼ਨ ਵਿਚ ਸਫਲਤਾ ਹਾਸਲ ਕਰੇਗੀ ਅਤੇ ਪੂਰੇ ਦੇਸ਼ ਨੂੰ ਮਾਣ ਦਿਵਾਏਗੀ।” ਸਿਰੀਸ਼ਾ ਦੇ ਪਿਤਾ ਡਾ: ਮੁਰਲੀਧਰ ਵੀ ਇੱਕ ਵਿਗਿਆਨੀ ਹਨ ਅਤੇ ਅਮਰੀਕੀ ਸਰਕਾਰ ਵਿਚ ਸੀਨੀਅਰ ਕਾਰਜਕਾਰੀ ਸੇਵਾਵਾਂ ਦੇ ਮੈਂਬਰ ਹਨ।