ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਵਰਚੁਅਲ ਬੈਠਕ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਠਕ ਬਹੁਤ ਚੰਗੀ ਰਹੀ ਅਤੇ ਸਾਰੇ ਦੇਸ਼ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ। ਹੁਣ ਤਕ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੁੰਦੀ ਰਹੀ ਹੈ ਪ੍ਰੰਤੂ 12 ਮਾਰਚ ਨੂੰ ਪਹਿਲੀ ਵਾਰ ਇਨ੍ਹਾਂ ਦੇਸ਼ਾਂ ਦੇ ਮੁਖੀ ਮਿਲੇ। ਇਸ ਬੈਠਕ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਸ਼ਾਮਲ ਹੋਏ ਸਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਕਵਾਡ ਸਿਖਰ ਸੰਮੇਲਨ ਦੇ ਬਾਰੇ ਵਿਚ ਬੋਲਦੇ ਹੋਏ ਕਿਹਾ ਕਿ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਮੀਟਿੰਗ ਬਹੁਤ ਚੰਗੀ ਰਹੀ। ਉਨ੍ਹਾਂ ਕਿਹਾ ਕਿ ਅਸੀਂ ਇਕ ਸਕਾਰਾਤਮਕ ਮਾਹੌਲ ਵਿਚ ਮਿਲੇ ਅਤੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਦੱਸਣਯੋਗ ਹੈ ਕਿ ਇਸ ਬੈਠਕ ਵਿਚ ਦੱਖਣੀ ਅਤੇ ਪੂਰਬੀ ਚੀਨ ਸਾਗਰ ਵਿਚ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ, ਉੱਤਰੀ ਕੋਰੀਆ ਨਾਲ ਜੁੜੇ ਪਰਮਾਣੂ ਮੁੱਦੇ, ਮਿਆਂਮਾਰ ਵਿਚ ਤਖ਼ਤਾ ਪਲਟ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਸਮੇਤ ਮਹੱਤਵਪੂਰਣ ਮੁੱਦਿਆਂ ‘ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਆਪਣੇ ਗ੍ਹਿ ਰਾਜ ਡੈਲਾਵੇਅਰ ਤੋਂ ਵਾਪਸ ਵ੍ਹਾਈਟ ਹਾਊਸ ਪਰਤੇ ਜੋ ਬਾਇਡਨ ਨਾਲ ਪੱਤਰਕਾਰਾਂ ਨੇ ਕਵਾਡ ਸਿਖਰ ਸੰਮੇਲਨ ਦੇ ਬਾਰੇ ਵਿਚ ਸਵਾਲ ਪੁੱਿਛਆ ਸੀ ਜਿਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਬੈਠਕ ਬੇਹੱਦ ਚੰਗੀ ਰਹੀ ਅਤੇ ਹਰ ਕੋਈ ਇਕ ਨਵੀਂ ਊਰਜਾ ਨਾਲ ਉਸ ਵਿਚ ਸ਼ਾਮਲ ਹੋਇਆ। ਅਸੀਂ ਕਈ ਮੁੱਦਿਆਂ ‘ਤੇ ਗੱਲ ਕੀਤੀ ਅਤੇ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਵੈਸੇ, ਇਸ ਬੈਠਕ ਵਿਚ ਚੀਨ ਨੂੰ ਲੈ ਕੇ ਜ਼ਿਆਦਾ ਗੱਲਬਾਤ ਨਹੀਂ ਹੋਈ ਪ੍ਰੰਤੂ ਬੀਜਿੰਗ ਦੀਆਂ ਵੱਧਦੀਆਂ ਚੁਣੌਤੀਆਂ ਨੂੰ ਸਾਰਿਆਂ ਨੇ ਸਵੀਕਾਰ ਕੀਤਾ। ਕਵਾਡ ਦੇਸ਼ਾਂ ਦੇ ਮੁਖੀ ਇਸੇ ਸਾਲ ਇਕ ਵਾਰ ਮੁੜ ਮਿਲਣ ‘ਤੇ ਸਹਿਮਤ ਹੋਏ ਹਨ ਅਤੇ ਇਸ ਵਾਰ ਇਹ ਬੈਠਕ ਆਫਲਾਈਨ ਯਾਨੀ ਆਹਮੋ-ਸਾਹਮਣੇ ਹੋਵੇਗੀ।