Kashmir Special Forces deployed: ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ ਖਿਲਾਫ਼ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ । ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ ਵਿਸ਼ੇਸ਼ ਸਾਂਝੇ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ । ਸੀਨੀਅਰ ਰੱਖਿਆ ਸੂਤਰਾਂ ਮੁਤਾਬਕ ਵਿਸ਼ੇਸ਼ ਸੁਰੱਖਿਆ ਬਲਾਂ ਵਿੱਚ ਫੌਜ ਦੇ ਪੈਰਾ, ਸਮੁੰਦਰੀ ਫੌਜ ਦੇ ਮੈਰੀਨ ਕਮਾਂਡੋਜ਼ ਦਸਤੇ ਸ਼ਾਮਿਲ ਕੀਤੇ ਗਏ ਹਨ ।
ਸਰਕਾਰ ਦੀ ਨਵੀਂ ਰਣਨੀਤੀ ਤਹਿਤ ਸ੍ਰੀਨਗਰ ਦੇ ਨੇੜੇ ਵੀ ਇੱਕ ਸਾਂਝੀ ਵਿਸ਼ੇਸ਼ ਟੁਕੜੀ ਤਾਇਨਾਤ ਕਰ ਦਿੱਤੀ ਗਈ ਹੈ । ਇਸ ਇਲਾਕੇ ਨੂੰ ਰਵਾਇਤੀ ਤੌਰ ‘ਤੇ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ । ਹਾਲਾਂਕਿ ਜਮੀਨੀ ਤੇ ਹਵਾਈ ਫ਼ੌਜ ਦੇ ਵਿਸ਼ੇਸ਼ ਬਲ ਪਹਿਲਾਂ ਵੀ ਕਸ਼ਮੀਰ ਵਾਦੀ ਵਿੱਚ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾਉਂਦੇ ਰਹੇ ਹਨ, ਪਰ ਪਹਿਲੀ ਵਾਰ ਤਿੰਨਾਂ ਨੂੰ ਸਾਂਝੀ ਕਮਾਂਡ ਹੇਠ ਲਿਆਂਦਾ ਜਾ ਰਿਹਾ ਹੈ ।
ਦਰਅਸਲ, ਨੇਵੀ ਦੇ ਮਾਰਕੋਸ ਕਮਾਂਡੋ ਨੂੰ ਵੁਲਰ ਝੀਲ ਇਲਾਕੇ ਵਿੱਚ ਤੇ ਹਵਾਈ ਫ਼ੌਜ ਦੀ ਗਰੁੜ ਟੀਮ ਨੂੰ ਲੋਲਬ ਤੇ ਹਜਿਨ ਇਲਾਕੇ ਵਿੱਚ ਤਾਇਨਤ ਕੀਤਾ ਗਿਆ ਹੈ । ਇਸੇ ਖੇਤਰ ਵਿਚ ਹਵਾਈ ਫੌਜ ਦੇ ਵਿਸ਼ੇਸ਼ ਦਸਤਿਆਂ ਦੀ ਸਫਲਤਾ ਦਰ ਵਧੇਰੇ ਰਹੀ ਹੈ । ਹਵਾਈ ਫ਼ੌਜ ਦਾ ਵਿਸ਼ੇਸ਼ ਬਲ ਪਹਿਲਾਂ ਵੀ ਕਸ਼ਮੀਰ ਵਾਦੀ ਵਿੱਚ ਅੱਤਵਾਦੀਆਂ ਖ਼ਿਲਾਫ਼ ਇੱਕ ਆਪ੍ਰਰੇਸ਼ਨ ਕਰ ਚੁੱਕਿਆ ਹੈ । ਇਸ ਆਪ੍ਰੇਸ਼ਨ ਵਿੱਚ ਹਜਿਨ ਇਲਾਕੇ ਵਿੱਚ ਛੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ ।
ਦੱਸ ਦੇਈਏ ਕਿ ਹਥਿਆਰਬੰਦ ਵਿਸ਼ੇਸ਼ ਵਿਭਾਗ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਦੋ ਫ਼ੌਜੀ ਅਭਿਆਸ ਵੀ ਕੀਤੇ ਗਏ ਹਨ, ਜਿਸ ਵਿੱਚ ਫ਼ੌਜੀਆਂ ਨੂੰ ਦੁਸ਼ਮਣਾਂ ‘ਤੇ ਹਮਲਾ ਤੇ ਉਸ ਦੇ ਕਬਜ਼ੇ ਵਾਲੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਸਿਖਲਾਈ ਦਿੱਤੀ ਗਈ ਹੈ । ਜਿਨ੍ਹਾਂ ਵਿੱਚ ਪਹਿਲਾ ਅਭਿਆਸ ਕੱਛ ਇਲਾਕੇ ਵਿੱਚ ਤੇ ਦੂਜਾ ਅਭਿਆਸ ਅੰਡਮਾਨ ਤੇ ਨਿਕੋਬਾਰ ਟਾਪੂ ‘ਤੇ ਕੀਤਾ ਗਿਆ ਹੈ ।