ਅਮਰੀਕਾ ਦੇ ਇੱਕ ਅਖ਼ਬਾਰ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਸਬੰਧੀ ਵੱਡੀ ਭੁੱਲ ਕਰਕੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਸਾਬਕਾ ਰਾਸ਼ਟਰਪਤੀਆਂ ਦੀਆਂ ਉਪਲਬੱਧੀਆਂ ਉੱਤੇ ਪਾਣੀ ਫੇਰ ਰਹੇ ਹਨ।
ਅਖ਼ਬਾਰ ਅਨੁਸਾਰ, ਟਰੰਪ ਨੇ ਇਸ ਤਰ੍ਹਾਂ ਕਰਕੇ ਬਹੁਤ ਵੱਡੀ ਕੂਟਨੀਤਕ ਗ਼ਲਤੀ ਕੀਤੀ ਹੈ, ਜਿਸ ਨਾਲ ਇੱਕ ਮਹੱਤਵਪੂਰਨ ਦੇਸ਼ ਦੀ ਨਰਾਜਗੀ ਹੋਰ ਵੱਧ ਕਰ ਸਕਦੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਇਹ ਬਿਆਨ ਦੇ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਓਸਾਕਾ ਵਿੱਚ ਜੀ-20 ਸੰਮੇਲਨ ਦੌਰਾਨ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਸੀ।
ਟਰੰਪ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਭਾਰਤ ਨੇ ਇਸ ਨੂੰ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਨੇ ਕੋਈ ਬੇਨਤੀ ਨਹੀਂ ਕੀਤੀ ਅਤੇ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਵੱਲਾ ਮਾਮਲਾ ਹੈ। ‘ਦ ਵਾਸ਼ਿੰਗਟਨ ਪੋਸਟ’ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਕਿ ਟਰੰਪ ਨੇ ਵੱਡੀ ਕੂਟਨੀਤਕ ਗ਼ਲਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰ ਯੁੱਧ ਤੋਂ ਬਾਅਦ, ਕਸ਼ਮੀਰ ਮੁੱਦੇ ‘ਤੇ ਉਨ੍ਹਾਂ ਦੀ ਗ਼ਲਤੀ ਇਕ ਮਹੱਤਵਪੂਰਨ ਦੇਸ਼ ਨੂੰ ਹੋਰ ਨਰਾਜ ਕਰ ਦੇਵੇਗੀ ਜਿਸ ਦੀ ਦੋਸਤੀ ਦੀ ਅਮਰੀਕਾ ਨੂੰ ਚੀਨ ਨਾਲ ਮੁਕਾਬਲਾ ਕਰਨ ਲਈ ਲੋੜ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਹੈ ਕਿ ਪੀਐੱਮ ਮੋਦੀ ਨੇ ਟਰੰਪ ਨੂੰ ਇਸ ਪ੍ਰਕਾਰ ਦੀ ਕੋਈ ਅਪੀਲ ਨਹੀਂ ਕੀਤੀ।