ਚੰਡੀਗੜ੍ਹ: ਦੋ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ਬਾਰੇ ਖਬਰਸਾਰ ਸਾਹਮਣੇ ਆਉਣ ਲੱਗੀ ਹੈ। ਬੇਸ਼ੱਕ ਸਰਕਾਰ ਨੇ ਬਹੁਤ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ ਪਰ ਅਜੇ ਵੀ ਉੱਥੇ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਸਮੇਂ ਕਸ਼ਮੀਰ ਤੋਂ ਪਰਤੇ ਵਫਦ ਨੇ ਕਈ ਖੁਲਾਸੇ ਕੀਤੇ ਹਨ। ਕਸ਼ਮੀਰ ਦੀ ਜ਼ਮੀਨੀ ਹਕੀਕਤ ਜਾਣਨ ਗਏ ਵਫਦ ਵਿੱਚ ਸ਼ਾਮਲ ਭਾਰਤੀ ਮਹਿਲਾ ਫੈਡਰੇਸ਼ਨ ਦੀ ਜਨਰਲ ਸਕੱਤਰ ਐਨੀ ਰਾਜਾ ਤੇ ਸਕੱਤਰ ਡਾ. ਕੰਵਲਜੀਤ ਢਿੱਲੋਂ ਨੇ ਚੰਡੀਗੜ੍ਹ ਵਿੱਚ ਪਹੁੰਚ ਕੇ ਕਈ ਖੁਲਾਸੇ ਕੀਤੇ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਾਲਾਤ ਸਰਕਾਰ ਦੇ ਦਾਅਵਿਆਂ ਤੋਂ ਉਲਟ ਹਨ। ਲੋਕ ਹਰ ਸਮੇਂ ਦਹਿਸ਼ਤ ਦੇ ਮਾਹੌਲ ’ਚ ਜਿਊਣ ਲਈ ਮਜਬੂਰ ਹਨ। ਇਸ ਦਹਿਸ਼ਤ ਭਰੇ ਮਾਹੌਲ ’ਚ ਔਰਤਾਂ ਨੂੰ ਸਭ ਤੋਂ ਵੱਡਾ ਸੰਤਾਪ ਭੁਗਤਣਾ ਪੈ ਰਿਹਾ ਹੈ। ਲੰਘੇ ਦਿਨ ਪੰਜਾਬ ਇਸਤਰੀ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਸਮਾਗਮ ਵਿੱਚ ਡਾ. ਢਿੱਲੋਂ ਨੇ ਦੱਸਿਆ ਕਿ ਕਸ਼ਮੀਰ ਦੇ ਚੱਪੇ-ਚੱਪੇ ’ਤੇ ਫ਼ੌਜ ਤਾਇਨਾਤ ਹੋਣ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿਚ ਰਾਤ 7 ਵਜੇ ਤੋਂ ਬਾਅਦ ਘਰਾਂ ’ਚ ਲਾਈਟ ਜਗਾਉਣ ’ਤੇ ਪਾਬੰਦੀ ਲਾਈ ਹੋਈ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਲੋਕਾਂ ਦੇ ਆਮ ਜੀਵਨ ਵਿਚ ਵਿਘਨ ਪੈ ਰਿਹਾ ਹੈ ਜਿਸ ਕਰਕੇ ਕਸ਼ਮੀਰੀ ਲੋਕਾਂ ਦੇ ਮਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਡਾ. ਢਿੱਲੋਂ ਨੇ ਦੱਸਿਆ ਕਿ ਕਸ਼ਮੀਰ ਦੇ ਸਾਰੇ ਸਕੂਲ/ਕਾਲਜ ਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ। ਕਸ਼ਮੀਰ ਵਿੱਚ ਸੰਚਾਰ ਦੇ ਸਾਰੇ ਸਾਧਨ ਬੰਦ ਕਰ ਦੇਣ ਕਰਕੇ ਲੋਕਾਂ ਦਾ ਆਪਸੀ ਤਾਲਮੇਲ ਖ਼ਤਮ ਹੋ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰ ’ਚ ਪਿੰਡ ਪੱਧਰ ਦੀਆਂ ਡਿਸਪੈਂਸਰੀਆਂ ਬੰਦ ਪਈਆਂ ਸਨ ਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ’ਚ ਹੀ ਲੋੜ ਅਨੁਸਾਰ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਸੀ ਪਰ ਕਿਸੇ ਕੋਲ ਆਵਾਜਾਈ ਲਈ ਕੋਈ ਸਾਧਨ ਨਾ ਹੋਣ ਕਰਕੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤੀ ਮਹਿਲਾ ਫੈਡਰੇਸ਼ਨ ਦੀ ਸਕੱਤਰ ਨੇ ਦੱਸਿਆ ਕਿ ਕਸ਼ਮੀਰ ’ਚ ਰਹਿ ਰਹੇ ਕਸ਼ਮੀਰੀ ਪੰਡਿਤ, ਹਿੰਦੂ ਅਤੇ ਸਿੱਖ ਧਰਮ ਦੇ ਲੋਕਾਂ ਵੱਲੋਂ ਵੀ ਧਾਰਾ 370 ਹਟਾਏ ਜਾਣ ਦਾ ਵਿਰੋਧ ਕੀਤਾ ਗਿਆ। ਭਾਰਤੀ ਮਹਿਲਾ ਫੈਡਰੇਸ਼ਨ ਦੀ ਐਨੀ ਰਾਜਾ ਤੇ ਕੰਵਲਜੀਤ ਢਿੱਲੋਂ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਤੇ ਮੁਸਲਿਮ ਵਿਮੈਨ ਫੋਰਮ ਦੀ ਡਾ. ਸਈਦਾ ਹਮੀਦ ਨੇ 17 ਤੋਂ 21 ਸਤੰਬਰ ਤੱਕ ਕਸ਼ਮੀਰ ਦੇ ਉੱਤਰੀ, ਦੱਖਣੀ, ਕੇਂਦਰੀ ਭਾਗ ਤੇ ਸ੍ਰੀਨਗਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਸੀ