ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਵੋਲਕਨ ਬੋਜਕਿਰ ਨੇ ਕਸ਼ਮੀਰ ਮਸਲੇ ‘ਤੇ ਭਾਰਤ ਦੇ ਰੁਖ਼ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ‘ਚ ਇਹ ਮਸਲਾ ਗੱਲਬਾਤ ਰਾਹੀਂ ਖਤਮ ਕਰੇਗਾ। ਇਸ ਮਸਲੇ ਨੂੰ ਇਸ ਤਰ੍ਹਾਂ ਨਾਲ ਹੱਲ ਕਰਨ ਲਈ 1972 ‘ਚ ਦੋਵੇਂ ਦੇਸ਼ਾਂ ‘ਚ ਸ਼ਿਮਲਾ ਸਮਝੌਤਾ ਹੋ ਚੁੱਕਾ ਹੈ। ਇਸ ਲਈ ਹੁਣ ਕਿਸੇ ਤੀਜੇ ਪੱਖ ਦੀ ਦਖ਼ਲਅੰਦਾਜ਼ੀ ਦੀ ਜ਼ਰੂਰਤ ਨਹੀਂ ਹੈ।
ਬੋਜਕਿਰ ਨੇ ਇਹ ਗੱਲ ਕਸ਼ਮੀਰ ਮਸਲੇ ‘ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਕਹੀ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਮਸਲੇ ‘ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਸੁਰੱਖਿਆ ਪ੍ਰੀਸ਼ਦ ਦੇ ਸੰਕਲਪਾਂ ਮੁਤਾਬਕ ਤੈਅ ਹੋਵੇਗੀ। 1972 ‘ਚ ਦੋਵੇਂ ਦੇਸ਼ਾਂ ‘ਚ ਹੋਇਆ ਸ਼ਿਮਲਾ ਸਮਝੌਤਾ ਬਹੁਤ ਮਹੱਤਵਪੂਰਨ ਹੈ। ਇਸ ‘ਚ ਸਾਫ਼ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਮਸਲਾ ਦੋਵੇਂ ਦੇਸ਼ਾਂ ‘ਚ ਸ਼ਾਂਤੀਪੂਰਨ ਢੰਗ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਬੋਜਕਿਰ ਤੁਰਕੀ ਦੇ ਰਾਜਨੀਤਕ ਆਗੂ ਹਨ। ਉਹ 2020 ਤੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਦੇ ਰੂਪ ‘ਚ ਕੰਮ ਕਰ ਰਹੇ ਹਨ।