23 European MPS Assess Situation Kashmir : ਨਵੀਂ ਦਿੱਲੀ : ਮੰਗਲਵਾਰ ਨੂੰ ਭਾਰਤ ਦੌਰੇ ’ਤੇ ਆਏ ਯੂਰੋਪੀਅਨ ਯੂਨੀਅਨ ਦੇ 23 ਸੰਸਦ ਮੈਂਬਰਾਂ ਵੱਲੋਂ ਜੰਮੂ-ਕਸ਼ਮੀਰ ਦਾ ਜ਼ਾਇਜਾ ਲਿਆ ਜਾਵੇਗਾ । ਦਰਅਸਲ, ਜੰਮੂ-ਕਸ਼ਮੀਰ ਵਿੱਚੋਂ ਧਾਰਾ-370 ਖ਼ਤਮ ਕਰਨ ਤੋਂ ਬਾਅਦ ਇਹ ਕਿਸੇ ਵਿਦੇਸ਼ੀ ਵਫ਼ਦ ਦੀ ਪਹਿਲੀ ਕਸ਼ਮੀਰ ਯਾਤਰਾ ਹੋਵੇਗੀ । ਇਸ ਯਾਤਰਾ ਤੋਂ ਪਹਿਲਾਂ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ।
ਇਨ੍ਹਾਂ ਵਿਦੇਸ਼ੀ ਸੰਸਦ ਮੈਂਬਰਾਂ ਨੂੰ ਵਿਕਾਸ ਤੇ ਪ੍ਰਸ਼ਾਸਨ ਬਾਰੇ ਭਾਰਤ ਦੀਆਂ ਤਰਜੀਹਾਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ । ਇਸ ਤੋਂ ਪਹਿਲਾਂ ਯੂਰੋਪੀਅਨ ਸੰਸਦ ਦੇ ਇਨ੍ਹਾਂ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ ।
ਜਿਸ ਵਿੱਚ ਪ੍ਰਧਾਨਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਪੱਸ਼ਟ ਕੀਤਾ ਕਿ ਅੱਤਵਾਦ ਦੀ ਹਮਾਇਤ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਸਮੇਤ ਹੋਰ ਸਾਰੇ ਭਾਰਤੀ ਖੇਤਰਾਂ ਦਾ ਦੌਰਾ ਕਰਨ ’ਤੇ ਭਾਰਤ ਦੇ ਸੱਭਿਆਚਾਰ ਬਾਰੇ ਜਾਣਕਾਰੀ ਮਿਲੇਗੀ ।
ਦੱਸ ਦੇਈਏ ਕਿ ਇਸ ਵਫ਼ਦ ਵਿੱਚ ਯੂਰਪ ਦੇ 9 ਦੇਸ਼ਾਂ ਦੇ ਸੰਸਦ ਮੈਂਬਰ ਸ਼ਾਮਿਲ ਹਨ । ਜਦੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ-370 ਹਟਾਈ ਗਈ ਸੀ ਤਾਂ ਯੂਰਪੀਅਨ ਯੂਨੀਅਨ ਵੱਲੋਂ ਭਾਰਤ ਦਾ ਸਾਥ ਦਿੱਤਾ ਗਿਆ ਸੀ ।