ਸ੍ਰੀਨਗਰ- ਕਸ਼ਮੀਰ ਘਾਟੀ ਵਿੱਚ ਤਾਜ਼ਾ ਬਰਫ਼ਬਾਰੀ ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਕਈ ਥਾਵਾਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ।
ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਦੇ ਮਸ਼ਹੂਰ ਸੈਲਾਨੀ ਕੇਂਦਰਾਂ ਵਿੱਚ ਰਾਤ ਭਰ ਤਾਜ਼ਾ ਬਰਫ਼ਬਾਰੀ ਹੋਈ। ਉਨ੍ਹਾਂ ਕਿਹਾ ਕਿ ਅਨੰਤਨਾਗ, ਜ਼ੋਜਿਲਾ ਦੱਰਾ, ਬਨੀਹਾਲ, ਸਾਧਨਾ ਦੱਰਾ ਅਤੇ ਕੁਪਵਾੜਾ ਵਿੱਚ ਮਛੀਲ ਅਤੇ ਬਾਂਦੀਪੋਰਾ ਵਿੱਚ ਰਾਜ਼ਦਾਨ ਦੱਰੇ ਵਿੱਚ ਵੀ ਬਰਫ਼ਬਾਰੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ਵਿੱਚ ਰਾਤ ਭਰ ਰੁਕ-ਰੁਕ ਕੇ ਮੀਂਹ ਪਿਆ।
ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਕਸ਼ਮੀਰ ਵਿੱਚ ਮੈਦਾਨੀ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਅਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ।
ਵਿਭਾਗ ਨੇ ਕਿਹਾ ਕਿ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਪਰ 21-24 ਫਰਵਰੀ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ। 25-28 ਫਰਵਰੀ ਦਰਮਿਆਨ ਬਹੁਤੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਸੰਭਵ ਹੈ।