PreetNama
ਖਬਰਾਂ/News

ਕਾਂਗਰਸੀ ਵਿਧਾਇਕ ਦੇ ਹਲਕੇ ‘ਚ ਗੁੰਡਾਗਰਦੀ ਦਾ ਨੰਗਾ ਨਾਂਚ

ਜਿਹੜਾ ਗੁੰਡਾਗਰਦੀ ਦਾ ਨੰਗਾ ਨਾਂਚ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੁੰਦਾ ਸੀ, ਉਹ ਕੰਮ ਕਾਂਗਰਸ ਦੇ ਰਾਜ ਵਿਚ ਵੀ ਜਾਰੀ ਹੈ। ਬੇਸ਼ੱਕ ਅਕਾਲੀਆਂ ਦੇ ਰਾਜ ‘ਚ ਕਈ ਗੈਂਗਸਟਰ ਪੈਦਾ ਹੋਏ, ਪਰ ਕਾਂਗਰਸ ਰਾਜ ਵਿਚ ਗੈਂਗਸਟਰ ਘਟਨ ਦੀ ਬਿਜਾਏ ਦੁਗਣੇ ਹੋ ਗਏ ਹਨ, ਜੋ ਸਿਆਸਤਦਾਨਾਂ ਦੇ ਸਿਰ ‘ਤੇ ਪੁਲਿਸ ਵਾਲਿਆਂ ਨੂੰ ਵੀ ਨਹੀਂ ਬਖ਼ਸ਼ ਰਹੇ। ਭਾਵੇਂ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਂ ਸਮੇਂ ‘ਤੇ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਵਾਸਤੇ ਪੰਜਾਬ ਦੇ ਲੋਕਾਂ ਦਾ ਸਾਥ ਬੇਹੱਦ ਜਰੂਰੀ ਹੈ। ਪਰ ਜੇਕਰ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ‘ਤੇ ਹੀ ਗੁੰਡਾਗਰਦੀ ਹੁੰਦੀ ਰਹੇਗੀ ਤਾਂ, ਪੰਜਾਬ ਦੇ ਲੋਕਾਂ ਨੂੰ ਪੁਲਿਸ ਸੁਰੱਖਿਆ ਕਿਸ ਤਰ੍ਹਾ ਮੁਹੱਈਆ ਕਰਵਾ ਸਕੇਗੀ? ਸਵਾਲ ਸਰਕਾਰ ਉਪਰ ਇਹ ਵੀ ਉੱਠਦਾ ਹੈ ਕਿ ਜੇਕਰ ਸਿਆਸੀ ਲੋਕ ਹੀ ਗੈਂਗਸਟਰਾਂ ਤੋਂ ਇਲਾਵਾ ਗੁੰਡਿਆਂ ਨੂੰ ਸ਼ਹਿ ਦਿੰਦੇ ਰਹਿਣਗੇ ਤਾਂ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਿਸ ਤਰ੍ਹਾਂ ਬਹਾਲ ਹੋਵੇਗੀ? ਦੱਸ ਦਈਏ ਕਿ ਲੰਘੀ ਸ਼ਾਮ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਕਾਂਗਰਸੀ ਵਿਧਾਇਕ ਦੇ ਹਲਕੇ ਵਿਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਂਚ ਦੇਖਣ ਨੂੰ ਮਿਲਿਆ, ਜਦੋਂ ਕੁਝ ਗੁੰਡਿਆਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਦੋ ਪੀ. ਓ. ਨੂੰ ਪੁਲਿਸ ਦੀ ਹਿਰਾਸਤ ਦੇ ਵਿਚੋਂ ਛੁਡਾ ਲਿਆ। ਜਾਣਕਾਰੀ ਦੇ ਮੁਤਾਬਿਕ ਪੁਲਿਸ ਦੀ ਗੱਡੀ ਉਪਰ ਗੁੰਡਿਆਂ ਦੇ ਵਲੋਂ ਹਮਲਾ ਵੀ ਕੀਤਾ ਗਿਆ ਅਤੇ ਉਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਪੁਲਿਸ ਦੇ ਅਨੁਸਾਰ ਜਿਨ੍ਹਾਂ ਦੋ ਪੀ. ਓ. ਨੂੰ ਗੁੰਡੇ ਪੁਲਿਸ ਹਿਰਾਸਤ ਦੇ ਵਿਚੋਂ ਛੁਡਾ ਕੇ ਲੈ ਗਏ, ਉਨ੍ਹਾਂ ਦੇ ਉਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਲੱਖੋ ਕੇ ਬਹਿਰਾਮ (ਫਿਰੋਜ਼ਪੁਰ) ਵਿਖੇ ਮੁਕੱਦਮਾ ਦਰਜ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਏਐਸਆਈ ਸੁਖਦੇਵ ਰਾਜ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਪੁਲਿਸ ਪਾਰਟੀ ਸਮੇਤ ਮੁਕੱਦਮਾ ਨੰਬਰ 76/17 ਥਾਣਾ ਲੱਖੋ ਕੇ ਬਹਿਰਾਮ ਦੇ ਮੁਲਜ਼ਮ ਜਰਮਨ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਪੁੱਛਗਿੱਛ ਸਬੰਧੀ ਸੀਆਈਏ ਸਟਾਫ਼ ਫਿਰੋਜ਼ਪੁਰ ਤੋਂ ਲੈ ਕੇ ਆ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਉਹ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਬੀਐਸਐੱਡ ਹੈੱਡਕੁਆਟਰ 136 ਬਟਾਲੀਅਨ ਬਾਹੱਦ ਰਕਬਾ ਮਹਿਲ ਸਿੰਘ ਵਾਲਾ ਦੇ ਮੇਨ ਗੇਟ ਸਾਹਮਣੇ ਪਹੁੰਚੇ ਤਾਂ ਅੰਗਰੇਜ਼ ਸਿੰਘ ਅਤੇ ਉਸ ਦੇ 6/7 ਸਾਥੀਆਂ ਨੇ ਪੁਲਿਸ ਪਾਰਟੀ ਦੀ ਗੱਡੀ ਰੋਕ ਕੇ ਜਬਰਦਸਤੀ ਜਰਮਨ ਸਿੰਘ ਅਤੇ ਹਰਮੀਤ ਸਿੰਘ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾ ਲਿਆ। ਏਐਸਆਈ ਸੁਖਦੇਵ ਰਾਜ ਦੇ ਮੁਤਾਬਿਕ ਉਕਤ ਵਿਅਕਤੀਆਂ ਨੇ ਪੁਲਿਸ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ। ਏਐਸਆਈ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਘੇਰਾਬੰਦੀ ਕਰਕੇ ਅੰਗਰੇਜ਼ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਜਰਮਨ ਸਿੰਘ ਅਤੇ ਹਰਮੀਤ ਸਿੰਘ ਤੋਂ ਇਲਾਵਾ 6/7 ਹਮਲਾਵਰ ਭੱਜਣ ਵਿਚ ਸਫ਼ਲ ਹੋ ਗਏ। ਏਐਸਆਈ ਸੁਖਦੇਵ ਰਾਜ ਉਨ੍ਹਾਂ ਦੀ ਟੀਮ ਦੇ ਵਲੋਂ ਉਕਤ ਘਟਨਾ ਦੇ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਤੋਂ ਇਲਾਵਾ ਸਬੰਧਤ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਮਮਦੋਟ ਦੇ ਸਬ ਇੰਸਪੈਕਟਰ ਵਜੀਰ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਐਸਆਈ ਸੁਖਦੇਵ ਰਾਜ ਦੇ ਬਿਆਨਾਂ ਦੇ ਆਧਾਰ ‘ਤੇ ਅੰਗਰੇਜ਼ ਸਿੰਘ ਪੁੱਤਰ ਬਲਕਾਰ ਸਿੰਘ, ਜਰਮਨ ਸਿੰਘ ਉਰਫ ਦਰਸ਼ਨ ਸਿੰਘ ਪੁੱਤਰ ਸਾਹਿਬ ਸਿੰਘ ਅਤੇ ਹਰਮੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਅਨ ਪਿੰਡ ਚੱਕ ਹਰਾਜ ਬੈਰਕਾਂ ਅਤੇ 6/7 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 341, 353, 186, 225, 427, 148, 149 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਸਬ ਇੰਸਪੈਕਟਰ ਵਜੀਰ ਚੰਦ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਫਰਾਰ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਦੇ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵਾਲ ਉੱਠਦਾ ਹੈ ਕਿ ਕਦੋਂ ਤੱਕ ਪੰਜਾਬ ਦੇ ਅੰਦਰ ਗੈਂਗਸਟਰ ਅਤੇ ਗੁੰਡੇ ਪੁਲਿਸ ਹਿਰਾਸਤ ਦੇ ਵਿਚੋਂ ਮੁਲਜ਼ਮਾਂ ਨੂੰ ਛੁਡਾਉਂਦੇ ਰਹਿਣਗੇ? ਕੀ ਪੁਲਿਸ ਨੂੰ ਪੂਰਨ ਤੌਰ ‘ਤੇ ਕਾਰਵਾਈ ਕਰਨ ਦਾ ਸਰਕਾਰ ਹੁਕਮ ਸੁਣਾਏਗੀ ਜਾਂ ਫਿਰ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਹੀ ਪਿੱਠ ਥਾਪੜੇਗੀ? ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦਾ ਹੈ?

Related posts

ਦੂਰਸੰਚਾਰ ਕੰਪਨੀਆਂ ਨੇ 11,300 ਕਰੋੜ ਦਾ ਸਪੈਕਟ੍ਰਮ ਖਰੀਦਿਆ

On Punjab

ਪੰਜਾਬ ’ਚ ਹੁਣ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੋਂ ਬਿਨਾਂ ਹੋਣਗੀਆਂ ਪੰਚਾਇਤੀ ਚੋਣਾਂ ਮੰਤਰੀ ਮੰਡਲ ਦੀ ਮੀਟਿੰਗ ’ਚ ਪੰਜਾਬ ਪੰਚਾਇਤੀ ਰਾਜ ਐਕਟ ਵਿੱਚ ਸੋਧ ਨੂੰ ਪ੍ਰਵਾਨਗੀ

On Punjab

ਬਾਇਡਨ ਨੇ ਰੂਸ-ਚੀਨ ਦੀ ਵਧਦੀ ਨੇੜਤਾ ‘ਤੇ ਕੱਸਿਆ ਤਨਜ਼, ਕਿਹਾ – ਕੋਈ ਨਵੀਂ ਗੱਲ ਨਹੀਂ

On Punjab