ਕਾਂਗਰਸ ਦੀਆਂ ਸਿਆਸੀ ਚੁਣੌਤੀਆਂ ਦਾ ਹੱਲ ਕੱਢਣ ਲਈ ਚਰਚਿਤ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਪਲਾਨ ’ਤੇ ਆਖ਼ਰੀ ਫ਼ੈਸਲਾ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੇਸ਼ੱਕ ਇਕ ਅੰਦਰੂਨੀ ਕਮੇਟੀ ਬਣਾ ਦਿੱਤੀ ਹੋਵੇ ਪਰ ਸੰਕੇਤਾਂ ਤੋਂ ਸਾਫ਼ ਹੈ ਕਿ ਪਾਰਟੀ ’ਚ ਇਕ ਵੱਡੀ ਭੂਮਿਕਾ ਨਾਲ ਉਨ੍ਹਾਂ ਦੇ ਸ਼ੁਰੂਆਤ ਕਰਨ ’ਚ ਹੁਣ ਜ਼ਿਆਦਾ ਦੇਰ ਨਹੀਂ ਹੈ। ਲੰਬੇ ਸਮੇਂ ਤੇ ਖ਼ਾਸ ਕਰ ਪੰਜ ਸੂਬਿਆਂ ਦੀ ਤਾਜ਼ਾ ਕਰਾਰੀ ਹਾਰ ਨੂੰ ਲੈ ਕੇ ਚਹੁੰਪਾਸਡ਼ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਦੀ ਸਿਖਰ ਲੀਡਰਸ਼ਿਪ ਲਈ ਪੀਕੇ ਦੀ ਸਿਆਸੀ ਐਂਟਰੀ ਜਿੱਥੇ ਵੱਡੀ ਤਤਕਾਲੀ ਰਾਹਤ ਹੋਵੇਗੀ, ਉੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪਾਰਟੀ ਦੇ ਅਸੰਤੁਸ਼ਟ ਖੇਮੇ ਜੀ23 ਦੇ ਆਗੂਆਂ ਨੂੰ ਝਟਕਾ ਲੱਗੇਗਾ ਤੇ ਬਦਲਾਅ ਨੂੰ ਲੈ ਕੇ ਲੀਡਰਸ਼ਿਪ ਖ਼ਿਲਾਫ਼ ਉਨ੍ਹਾਂ ਦੀ ਮੁਹਿੰਮ ਕਮਜ਼ੋਰ ਹੋਵੇਗੀ।
ਪਾਰਟੀ ਦੇ ਅਸੰਤੁਸ਼ਟ ਆਗੂ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਦੀਆਂ ਕਮਜ਼ੋਰੀਆਂ ਤੇ ਕਾਰਜਸ਼ੈਲੀ ’ਤੇ ਸਵਾਲ ਚੁੱਕਦੇ ਹੋਏ ਲੰਬੇ ਸਮੇਂ ਤੋਂ ਇਸ ’ਚ ਬਦਲਾਅ ਦੀ ਮੰਗ ਕਰਦੇ ਰਹੇ ਹਨ। ਕਾਂਗਰਸ ਹਾਈ ਕਮਾਨ ਹੁਣ ਪਾਰਟੀ ’ਚ ਕੀਤੇ ਜਾਣ ਵਾਲੇ ਬਦਲਾਅ ਲਈ ਪੀਕੇ ਤੇ ਉਨ੍ਹਾਂ ਦੇ ਪਲਾਨ ਦੀ ਅਹਿਮ ਭੂਮਿਕਾ ਤੈਅ ਕਰਨ ਦੀ ਦਿਸ਼ਾ ’ਚ ਵਧ ਰਹੀ ਹੈ। ਅਜਿਹੇ ’ਚ ਅਸੰਤੁਸ਼ਟ ਆਗੂਆਂ ਲਈ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ’ਚ ਚੁੱਕੇ ਜਾਣ ਵਾਲੇ ਬਦਲਾਅ ਦੇ ਇਨ੍ਹਾਂ ਕਦਮਾਂ ’ਤੇ ਸਵਾਲ ਚੁੱਕ ਸਕਣਾ ਮੁਸ਼ਕਲ ਹੋਵੇਗਾ ਕਿਉਂਕਿ ਚੋਣ ਸਿਆਸਤ ਦੇ ਰਣਨੀਤੀਕਹਾਰ ਦੇ ਤੌਰ ’ਤੇ ਪ੍ਰਸ਼ਾਂਤ ਕਿਸ਼ੋਰ ਦੀ ਹੁਣ ਤਕ ਦੀ ਕਾਬਲੀਅਤ ’ਤੇ ਸ਼ਾਇਦ ਹੀ ਕਿਸੇ ਨੂੰ ਸ਼ੱਕ ਹੋਵੇ। ਹਾਲਾਂਕਿ ਇਹ ਵੀ ਸੱਚ ਹੈ ਕਿ ਕਾਂਗਰਸ ਦੀ ਮੁਡ਼ ਤੋਂ ਸਿਆਸੀ ਤਾਕਤ ਦੇ ਰੂਪ ’ਚ ਵਾਪਸੀ ਦੇ ਪੀਕੇ ਦੇ ਪਲਾਨ ’ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ। ਅਸੰਤੁਸ਼ਟ ਖੇਮਾ ਸਿਖਰ ਸੰਗਠਨ ਦੀਆਂ ਮੌਜੂਦਾ ਖਾਮੀਆਂ ਨੂੰ ਲੈ ਕੇ ਆਵਾਜ਼ ਉਠਾ ਰਿਹਾ ਹੈ ਪਰ ਹਿਸ ’ਚ ਬਦਲਾਵਾਂ ਦੀ ਪਹਿਲ ਹਾਲੇ ਸ਼ੁਰੂ ਨਹੀਂ ਹੋਈ ਹੈ। ਇਸਦੇ ਬਾਵਜੂਦ ਜੀ23 ਆਗੂਆਂ ਲਈ ਪੀਕੇ ਰਾਹੀਂ ਪਾਰਟੀ ਦਾ ਕਾਇਆਕਲਪ ਕਰਨ ਦੀ ਪਹਿਲ ’ਚ ਅਡ਼ਿੱਕਾ ਪਾਉਣਾ ਜੀ23 ਆਗੂਆਂ ਲਈ ਆਸਾਨ ਨਹੀਂ ਹੈ।
ਖ਼ਾਸ ਕਰ ਇਹ ਦੇਖਦੇ ਹੋਏ ਕਿ ਲੀਡਰਸ਼ਿਪ ’ਤੇ ਦਬਾਅ ਪਾਉਣ ਲਈ ਹੁਣ ਤਕ ਕੀਤੇ ਗਏ ਤਮਾਮ ਯਤਨਾਂ ਦੇ ਬਾਵਜੂਦ ਜੀ23 ਦੇ ਆਗੂ ਵਿਦਰੋਹ ਦੀ ਹੱਦ ਤਕ ਜਾਣ ਤੋਂ ਪਰਹੇਜ਼ ਕਰਦੇ ਰਹੇ ਹਨ। ਇੰਨਾ ਹੀ ਨਹੀਂ ਅਸੰਤੁਸ਼ਟ ਖੇਮੇ ’ਚ ਸ਼ਾਮਲ ਜ਼ਿਆਦਾਤਰ ਆਗੂ ਪਾਰਟੀ ਦੀ ਮੁੱਖ ਧਾਰਾ ’ਚ ਰਹਿ ਕੇ ਹੀ ਸੰਗਠਨ ’ਚ ਬਦਲਾਅ ਤੇ ਸੁਧਾਰਾਂ ਦੀ ਆਵਾਜ਼ ਚੁੱਕਣ ਦੇ ਹੱਕ ’ਚ ਰਹੇ ਹਨ। ਸੂਤਰਾਂ ਮੁਤਾਬਕ ਬੀਤੇ ਵੀਰਵਾਰ ਨੂੰ ਹੀ ਜੀ23 ਆਗੂਆਂ ਦੇ ਕੁਝ ਪ੍ਰਮੁੱਖ ਆਗੂਆਂ ਦੀ ਗੁਲਾਮ ਨਬੀ ਆਜ਼ਾਦ ਦੇ ਘਰ ਇਕ ਗ਼ੈਰ ਰਸਮੀ ਬੈਠਕ ਹੋਈ ਸੀ ਜਿਸ ’ਚ ਅੱਗੇ ਦੀ ਰਣਨੀਤੀ ਨੂੰ ਲੈ ਕੇ ਅਸੰਤੁਸ਼ਟ ਖੇਮਾ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕਿਆ। ਇਸ ਬੈਠਕ ’ਚ ਸ਼ਾਮਲ ਆਗੂਆਂ ਦੀ ਚਰਚਾ ਦਾ ਸਾਰ ਇਹੀ ਸੀ ਕਿ ਫਿਲਹਾਲ ਪਾਰਟੀ ਤੋਂ ਵੱਖ ਹੋ ਕੇ ਸਿਆਸੀ ਰਾਹ ਤੈਅ ਕਰਨਾ ਆਸਾਨ ਨਹੀਂ ਹੈ। ਜੀ23 ਦੇ ਆਗੂ ਇਸ ਹਕੀਕਤ ਦੀ ਅਣਦੇਖੀ ਨਹੀਂ ਕਰ ਰਹੇ ਕਿ ਹਰਿਆਣਾ ਦੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਉਨ੍ਹਾਂ ਦੇ ਸਮੂਹ ’ਚ ਅਜਿਹਾ ਕੋਈ ਨੇਤਾ ਨਹੀਂ ਜਿਸ ਦਾ ਵੱਡਾ ਸਿਆਸੀ ਲੋਕ ਆਧਾਰ ਹੋਵੇ ਤੇ ਕਾਂਗਰਸ ਲੀਡਰਸ਼ਿਪ ਨਾਲ ਹੁੱਡਾ ਦਾ ਸਿਆਸੀ ਸੌਦਾ ਲਗਪਗ ਤੈਅ ਹੋ ਗਿਆ ਹੈ। ਜਦਕਿ ਹੋਰ ਆਗੂ ਪਾਰਟੀ ਦੀ ਮੁੱਖ ਧਾਰਾ ਤੋਂ ਵੱਖ ਹੋ ਕੇ ਸਿਆਸੀ ਕਦਮ ਚੁੱਕਣ ਦਾ ਜ਼ੋਖਿਮ ਲੈਣ ਦੀ ਸਥਿਤੀ ’ਚ ਨਹੀਂ ਹਨ। ਅਜਿਹੇ ’ਚ ਪੀਕੇ ਦੀ ਐਂਟਰੀ ਕਾਂਗਰਸ ਦੀ ਮੌਜੂਦਾ ਹਾਲਤ ਦੇ ਬਾਵਜੂਦ ਗਾਂਧੀ ਪਰਿਵਾਰ ਦੀ ਅਗਵਾਈ ਦੀ ਪਕਡ਼ ਨੂੰ ਮਜ਼ਬੂਤ ਕਰੇਗੀ ਕਿਉਂਕਿ ਇਸ ਰਾਹੀਂ ਪਾਰਟੀ ਦੇਸ਼ ਭਰ ’ਚ ਬਦਲਾਅ ਤੇ ਆਪਣੀ ਵਾਪਸੀ ਦੇ ਨਾਅਰੇ ਦਾ ਇਕ ਸਿਆਸੀ ਸੰਦੇਸ਼ ਤਾਂ ਜ਼ਰੂਰ ਦੇਵੇਗੀ। ਅਸੰਤੁਸ਼ਟ ਖੇਮਾ ਵੀ ਬੁਨਿਆਦੀ ਰੂਪ ’ਚ ਲੀਡਰਸ਼ਿਪ ’ਤੇ ਕੁਝ ਇਸੇ ਤਰ੍ਹਾਂ ਦੇ ਸੰਦੇਸ਼ ਦੇਣ ਦੀ ਗੱਲ ਚੁੱਕਦਾ ਰਿਹਾ ਹੈ ਤੇ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੀਕੇ ਦੀ ਐਂਟਰੀ ਲੀਡਰਸ਼ਿਪ ਖ਼ਿਲਾਫ਼ ਉਨ੍ਹਾਂ ਦੀ ਮੁਹਿੰਮ ਨੂੰ ਕਮਜ਼ੋਰ ਕਰੇਗੀ।