ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਤਾਰਿਕ ਅਨਵਰ ਵਲੋਂ ਜਾਰੀ ਪੱਤਰ ਵਿਚ ਪਰਨੀਤ ਕੌਰ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਭਾਜਪਾ ਦੀ ਮਦਦ ਦੇ ਦੇ ਲੱਗੇ ਦੋਸ਼ਾਂ ਸਬੰਧੀ ਤਿੰਨ ਦਿਨਾਂ ਵਿਚ ਜਵਾਬ ਦੇਣ ਲਈ ਵੀ ਕਿਹਾ ਹੈ। ਜਵਾਬ ਨਾ ਮਿਲਣ ’ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ।
ਕਾਂਗਰਸ ਪ੍ਰਧਾਨ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸ਼ਿਕਾਇਤ ਮਿਲੀ ਹੈ ਕਿ ਪਰਨੀਤ ਕੌਰ ਭਾਜਪਾ ਦੀ ਮਦਦ ਲਈ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹਨ। ਸ਼ਿਕਾਇਤ ਨੂੰ ਲੋੜੀਂਦੀ ਕਾਰਵਾਈ ਲਈ ਏਆਈਸੀਸੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਕੋਲ ਭੇਜਿਆ ਗਿਆ ਸੀ। ਡੀਏਸੀ ਨੇ ਇਸ ‘ਤੇ ਧਿਆਨ ਨਾਲ ਵਿਚਾਰ ਕੀਤਾ ਤੇ ਫੈਸਲਾ ਕੀਤਾ ਕਿ ਪਰਨੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ ਕਾਰਨ ਦੱਸਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕਿਉਂ ਨਾ ਕੱਢਿਆ ਜਾਵੇ।