ਭਾਰਤ ਨੇ ਵੀਰਵਾਰ ਦੇਰ ਸ਼ਾਮ ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਹੋਏ ਦੋ ਧਮਾਕਿਆਂ ਦਾ ਵੀ ਸਖ਼ਤ ਵਿਰੋਧ ਕੀਤਾ ਹੈ। ਇਸ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕਾਬੁਲ ਵਿਚ ਹੋਏ ਬੰਬ ਧਮਾਕਿਆਂ ਦੀ ਨਿੰਦਾ ਕਰਦੇ ਹਾਂ। ਇਸ ਅੱਤਵਾਦੀ ਘਟਨਾ ਵਿਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਕਿ ਇਸ ਹਮਲੇ ਤੋਂ ਬਾਅਦ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਪੂਰੀ ਦੁਨੀਆ ਅੱਤਵਾਦ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਵਾਲਿਆਂ ਦੇ ਖਿਲਾਫ਼ ਇੱਕਜੁਟ ਹੋ ਜਾਵੇ।
ਕਾਬੁਲ ਤੋਂ ਆ ਰਹੀਆਂ ਖ਼ਬਰਾਂ ਦੱਸਦੀਆਂ ਹਨ ਕਿ ਇਸ ਧਮਾਕੇ ਪਿੱਛੇ ਇਸਲਾਮਿਕ ਅੱਤਵਾਦੀ ਸੰਗਠਨ ਆਈਐਸ (ਇਸਲਾਮਿਕ ਸਟੇਟ) ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ 15 ਅਗਸਤ 2021 ਨੂੰ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ, ਭਾਰਤ ਨੇ ਇਸ ਅੱਤਵਾਦੀ ਸੰਗਠਨ ਬਾਰੇ ਵਿਸ਼ਵ ਭਾਈਚਾਰੇ ਨੂੰ ਬਹੁਤ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿਚ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਸਥਿਰਤਾ ਦੇ ਫੈਲਣ ਨਾਲ ਪੂਰੇ ਖੇਤਰ ਵਿਚ ਆਈਐਸ ਦਾ ਖ਼ਤਰਾ ਵਧ ਗਿਆ ਹੈ।
ਹਮਲੇ ਬਾਰੇ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਅਲਰਟ
ਦੱਸ ਦੇਈਏ ਕਿ ਬੁੱਧਵਾਰ ਸ਼ਾਮ ਨੂੰ ਕਾਬੁਲ ਵਿਚ ਅਮਰੀਕੀ ਦੂਤਘਰ ਵੱਲੋਂ ਜਾਰੀ ਅਲਰਟ ਵਿਚ ਨਾਗਰਿਕਾਂ ਨੂੰ ਹਵਾਈ ਅੱਡੇ ਵੱਲ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਸੀ। ਜਿਹੜੇ ਲੋਕ ਪਹਿਲਾਂ ਹੀ ਏਅਰਪੋਰਟ ਦੇ ਗੇਟ ‘ਤੇ ਮੌਜੂਦ ਹਨ ਉਨ੍ਹਾਂ ਨੂੰ ਵੀ ਤੁਰੰਤ ਛੱਡ ਦੇਣ ਦੇਣ ਲਈ ਕਿਹਾ ਗਿਆ ਸੀ। ਆਸਟ੍ਰੇਲੀਆ ਨੇ ਆਪਣੇ ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਸੀ। ਇਸ ਤੋਂ ਇਲਾਵਾ, ਯੂਕੇ ਦੇ ਆਰਮਡ ਫੋਰਸਿਜ਼ ਮੰਤਰੀ ਜੇਮਸ ਹੈਪੀ ਨੇ ਕਿਹਾ ਕਿ “ਕਿਸੇ ਵੱਡੇ ਹਮਲੇ ਦੀਆਂ ਬਹੁਤ ਭਰੋਸੇਯੋਗ ਰਿਪੋਰਟਾਂ” ਸਨ। ਇਸ ਲਈ ਲੋਕਾਂ ਨੂੰ ਏਅਰਪੋਰਟ ਤੋਂ ਦੂਰ ਜਾਣਾ ਚਾਹੀਦਾ ਹੈ।
ਬਇਡਨ ਨੇ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਉੱਚ ਪੱਧਰੀ ਬੈਠਕ
ਕਾਬੁਲ ਵਿਚ ਬੰਬ ਧਮਾਕਿਆਂ ਦੀ ਖ਼ਬਰ ਮਿਲਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਮੁਲਤਵੀ ਕਰ ਦਿੱਤੀ ਅਤੇ ਸੁਰੱਖਿਆ ਟੀਮ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ। ਨਿਊਜ਼ ਏਜੰਸੀ ਏਐਨਆਈ ਨੇ ਸੀਐਨਐਨ ਦੇ ਹਵਾਲੇ ਨਾਲ ਕਿਹਾ ਕਿ ਬਾਇਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੀਟਿੰਗ ਕੀਤੀ, ਜਿਸ ਵਿਚ ਵਿਦੇਸ਼ ਰਾਜ ਮੰਤਰੀ ਐਂਟਨੀ ਬਲਿੰਕੇਨ, ਰੱਖਿਆ ਸਕੱਤਰ ਲੋਇਡ ਔਸਟਿਨ, ਜੁਆਇੰਟ ਚੀਫਸ ਆਫ ਸਟਾਫ ਮਾਰਕ ਮਿਲਿ ਅਤੇ ਹੋਰ ਕਮਾਂਡਰ ਸ਼ਾਮਲ ਸਨ।