ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬਿਨਾ ਕਿਸੇ ਵਿਰੋਧ ਦੇ ਤਾਲਿਬਾਨ ਦਾ ਕਾਬੁਲ ‘ਤੇ ਕਬਜ਼ਾ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨਾਲ ਬਾਇਡਨ ਨੇ ਜੋ ਕੀਤਾ, ਉਹ ਇਤਿਹਾਸਕ ਹੈ। ਤਾਲਿਬਾਨ ਦਾ ਕਾਬੁਲ ‘ਚ ਰਾਸ਼ਟਰਪਤੀ ਪੈਲਸ ‘ਤੇ ਕਬਜ਼ਾ ਹੋਣ ਦੇ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਆਪਣੇ ਸੰਖੇਪ ਬਿਆਨ ‘ਚ ਇਹ ਗੱਲ ਕਹੀ ਹੈ। ਕਾਬੁਲ ‘ਚ ਤੇਜ਼ੀ ਨਾਲ ਬਦਲੇ ਘਟਨਾਕ੍ਰਮ ‘ਤੇ ਵ੍ਹਾਈਟ ਹਾਊਸ ਨੇ ਕੋਈ ਪ੍ਰਤੀਕ੍ਰਮ ਨਹੀਂ ਦਿੱਤੀ।
ਰਾਸ਼ਟਰਪਤੀ ਜੋਅ ਬਾਇਡਨ ਇਸ ਦੌਰਾਨ ਕੈਂਪ ਡੈਵਿਡ ‘ਚ ਹਫਤਾਵਾਰੀ ਛੁੱਟੀ ਮਨਾ ਰਹੇ ਸਨ। ਉਨ੍ਹਾਂ ਆਪਣੇ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਨਾਲ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਬਾਰੇ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ ਹੈ।
ਅਮਰੀਕਾ ਦੀ ਸੰਯੁਕਤ ਰਾਸ਼ਟਰ ‘ਚ ਰਹੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਨੂੰ ਬਾਇਡਨ ਪ੍ਰਸ਼ਾਸਨ ਦੀ ਨਾਕਾਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉੱਥੋਂ ਸੁਰੱਖਿਅਤ ਨਿਕਲਣ ਦੀ ਤਾਲਿਬਾਨ ਤੋਂ ਭੀਖ ਮੰਗਣਾ ਮੰਦਭਾਗਾ ਹੈ। ਜਿਨ੍ਹਾਂ ਅਮਰੀਕੀ ਫ਼ੌਜੀਆਂ ਨੇ ਅਫਗਾਨਿਸਤਾਨ ‘ਚ ਬਲੀਦਾਨ ਦਿੱਤਾ, ਉਨ੍ਹਾਂ ਦੇ ਪਰਿਵਾਰਾਂ ਨੇ ਵੀ ਇਸ ਸਥਿਤੀ ਦੀ ਕਲਪਨਾ ਨਹੀਂ ਕੀਤੀ ਹੋਵੇਗੀ।
ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਹਾਲੇ ਮੈਂ ਡੋਨਾਲਡ ਟਰੰਪ ਵਰਗੇ ਕਮਾਂਡਰ ਇਨ ਚੀਫ਼ ਦੇ ਨਾਲ ਮੰਤਰੀ ਹੁੰਦਾ ਤਾਂ ਤਾਲਿਬਾਨ ਨੂੰ ਸਮਝ ‘ਚ ਆ ਜਾਂਦਾ ਕਿ ਅਮਰੀਕਾ ਦੇ ਖਿਲਾਫ਼ ਸਾਜ਼ਿਸ਼ ਰਚਣ ਦਾ ਕੀ ਨਤੀਜਾ ਹੁੰਦਾ ਹੈ। ਕਾਮਿਸ ਸੁਲੇਮਾਨੀ ਨੂੰ ਇਸਦਾ ਸਬਕ ਸਿਖਾਇਆ ਗਿਆ ਸੀ। ਤਾਲਿਬਾਨ ਨੇ ਵੀ ਪਹਿਲਾਂ ਇਹ ਸਬਕ ਸਿਖਿਆ ਹੈ।
ਤਾਲਿਬਾਨ ਤੋਂ ਕੋਈ ਭੀਖ ਨਹੀਂ ਮੰਗੀ : ਬਲਿੰਕਨ
ਮੌਜੂਦਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਨ੍ਹਾਂ ਬਿਆਨਾਂ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਤੋਂ ਕੁਝ ਨਹੀਂ ਮੰਗਿਆ। ਇਸ ਦੌਰਾਨ ਤਾਲਿਬਾਨ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਸਾਡੇ ਮੁਲਾਜ਼ਮਾਂ ਜਾਂ ਕੰਮ ‘ਚ ਕੋਈ ਦਖਲ ਦਿੱਤਾ ਤਾਂ ਉਸਦਾ ਤਰੁੰਤ ਜਵਾਬ ਮਿਲੇਗਾ।
ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਦੇ ਸਬੰਧ ‘ਚ ਪੁੱਛੇ ਜਾਣ ‘ਤੇ ਬਲਿੰਕਨ ਨੇ ਕਿਹਾ ਕਿ ਭਵਿੱਖ ਦੀ ਸਰਕਾਰ ਜਿਹੜੀਆਂ ਔਰਤਾਂ ਦੇ ਮੂਲ ਅਧਿਕਾਰ ਬਰਕਰਾਰ ਨਹੀਂ ਰੱਖਦੀ, ਦਹਿਸ਼ਤਗਰਦਾਂ ਨੂੰ ਪਨਾਹ ਦਿੰਦੀ ਹੈ ਤੇ ਅਮਰੀਕਾ ਜਾਂ ਉਸਦੇ ਸਹਿਯੋਗੀ ਦੇਸ਼ਾਂ ਦੇ ਖ਼ਿਲਾਫ਼ ਸਾਜ਼ਿਸ਼ ਰੱਚਦੀ ਹੈ, ਤਾਂ ਉਸਨੂੰ ਮਾਨਤਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।