42.21 F
New York, US
December 12, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ

ਨਵੀਂ ਦਿੱਲੀ : ਕਾਰਬੇਟ ਨੈਸ਼ਨਲ ਪਾਰਕ ’ਚ ਜਾਨਵਰਾਂ ਦੀ ਨਿਗਰਾਨੀ ਵਰਗੇ ਸੁਰੱਖਿਆ ਉਦੇਸ਼ਾਂ ਲਈ ਲਗਾਏ ਗਏ ਕੈਮਰਿਆਂ ਅਤੇ ਡਰੋਨਾਂ ਦੀ ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਮਰਦਾਂ ਵਲੋਂ ਔਰਤਾਂ ’ਤੇ ਨਜ਼ਰ ਰੱਖਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਸਰਕਾਰੀ ਅਧਿਕਾਰੀ ਅਤੇ ਮਰਦ ਇਨ੍ਹਾਂ ਉਪਕਰਣਾਂ ਦੀ ਵਰਤੋਂ ਜਾਣਬੁਝ ਕੇ ਔਰਤਾਂ ਦੀ ਸਹਿਮਤੀ ਤੋਂ ਬਗ਼ੈਰ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਕਰਦੇ ਹਨ।

‘ਇਨਵਾਇਰਮੈਂਟ ਐਂਡ ਪਲਾਨਿੰਗ ਐੱਫ’ ਨਾਮ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ ਜੰਗਲਾਤ ਰੇਂਜਰਾਂ ਨੇ ਜਾਣਬੁਝ ਕੇ ਸਥਾਨਕ ਔਰਤਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਕੁਦਰਤੀ ਸਰੋਤ ਇਕੱਠੇ ਕਰਨ ਤੋਂ ਰੋਕਣ ਲਈ ਡਰੋਨ ਉਡਾਇਆ, ਜਦਕਿ ਅਜਿਹਾ ਕਰਨ ਦਾ ਉਨ੍ਹਾਂ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਬਰਤਾਨੀਆਂ ਦੀ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਉਤਰਾਖੰਡ ਦੇ ਕਾਰਬੇਟ ਟਾਈਗਰ ਰਿਜ਼ਰਵ ਦੇ ਆਲੇ-ਦੁਆਲੇ ਔਰਤਾਂ ਸਮੇਤ 270 ਵਸਨੀਕਾਂ ਨਾਲ 14 ਮਹੀਨਿਆਂ ਤਕ ਗੱਲਬਾਤ ਕੀਤੀ।

ਅਧਿਐਨ ’ਚ ਲੇਖਕਾਂ ਨੇ ਲਿਖਿਆ, ‘‘ਅਸੀਂ ਦਲੀਲ ਦਿੰਦੇ ਹਾਂ ਕਿ ਜੰਗਲਾਤ ਪ੍ਰਸ਼ਾਸਨ ਲਈ ਡਿਜੀਟਲ ਤਕਨਾਲੋਜੀਆਂ, ਜਿਵੇਂ ਕਿ ਕੈਮਰਾ ਟ੍ਰੈਪ ਅਤੇ ਡਰੋਨ ਦੀ ਵਰਤੋਂ, ਇਨ੍ਹਾਂ ਜੰਗਲਾਂ ਨੂੰ ਮਰਦ-ਪ੍ਰਧਾਨ ਸਥਾਨਾਂ ’ਚ ਬਦਲ ਦਿੰਦੀ ਹੈ, ਜਿਸ ਨਾਲ ਸਮਾਜ ਦਾ ਪਿੱਤਰਸੱਤਾਵਾਦੀ ਦ੍ਰਿਸ਼ਟੀਕੋਣ ਜੰਗਲ ਤਕ ਵੀ ਪੈਰ ਪਸਾਰ ਜਾਂਦਾ ਹੈ।’’

ਖੋਜਕਰਤਾ ਅਤੇ ਮੁੱਖ ਲੇਖਕ ਤ੍ਰਿਸ਼ਾਂਤ ਸਿਮਲਾਈ ਨੇ ਕਿਹਾ ਕਿ ਅਪਣੇ ਮਰਦ ਪ੍ਰਧਾਨ ਪਿੰਡਾਂ ਤੋਂ ਦੂਰ ਜੰਗਲ ’ਚ ਸ਼ਾਂਤੀ ਨਾਲ ਕੁੱਝ ਸਮਾਂ ਬਿਤਾਉਣ ਆਈਆਂ ਔਰਤਾਂ ਨੇ ਉਨ੍ਹਾਂ ਨੂੰ ਦਸਿਆ ਕਿ ‘ਕੈਮਰਾ ਟ੍ਰੈਪ’ ਕਾਰਨ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਨਿਗਰਾਨੀ ’ਚ ਹਨ ਅਤੇ ਹਰ ਸਮੇਂ ਰੁਕਾਵਟ ਮਹਿਸੂਸ ਕਰਦੀਆਂ ਹਨ, ਜਿਸ ਕਾਰਨ ਉਹ ਹੌਲੀ-ਹੌਲੀ ਗੱਲਾਂ ਕਰਦੀਆਂ ਹਨ ਅਤੇ ਹੌਲੀ ਆਵਾਜ਼ ’ਚ ਗਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਾਥੀਆਂ ਅਤੇ ਸ਼ੇਰਾਂ ਵਰਗੇ ਸੰਭਾਵਤ ਖਤਰਨਾਕ ਜਾਨਵਰਾਂ ਨਾਲ ਅਚਾਨਕ ਮੁਕਾਬਲਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਹ ਕੌਮੀ ਪਾਰਕ ਔਰਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ, ਜੋ ਘਰ ’ਚ ਹਿੰਸਾ ਅਤੇ ਸ਼ਰਾਬ ਵਰਗੀਆਂ ਮੁਸ਼ਕਲ ਸਥਿਤੀਆਂ ਤੋਂ ਬਚਣ ਲਈ ਲੱਕੜ ਇਕੱਠੀ ਕਰਨ ਤੋਂ ਇਲਾਵਾ ਉੱਥੇ ਲੰਮਾ ਸਮਾਂ ਬਿਤਾਉਂਦੀਆਂ ਹਨ। ਖੋਜਕਰਤਾਵਾਂ ਨੇ ਕਿਹਾ ਕਿ ਉਹ ਅਕਸਰ ਅਪਣੀਆਂ ਕਹਾਣੀਆਂ ਸਾਂਝੀਆਂ ਕਰਦੀਆਂ ਹਨ ਅਤੇ ਰਵਾਇਤੀ ਗੀਤਾਂ ਰਾਹੀਂ ਅਪਣੇ ਖ਼ੁਦ ਨੂੰ ਪ੍ਰਗਟ ਕਰਦੀਆਂ ਹਨ।

ਔਰਤਾਂ ਨੇ ਸਿਮਲਾਈ ਨੂੰ ਦਸਿਆ ਕਿ ਜੰਗਲੀ ਜੀਵਾਂ ਦੀ ਨਿਗਰਾਨੀ ਪ੍ਰਾਜੈਕਟਾਂ ਦੇ ਨਾਂ ’ਤੇ ਤਾਇਨਾਤ ਕੀਤੀਆਂ ਗਈਆਂ ਨਵੀਆਂ ਨਿਗਰਾਨੀ ਤਕਨਾਲੋਜੀਆਂ ਦੀ ਵਰਤੋਂ ਉਨ੍ਹਾਂ ਨੂੰ ਡਰਾਉਣ ਅਤੇ ਉਨ੍ਹਾਂ ’ਤੇ ਅਪਣੀ ਸ਼ਕਤੀ ਦੀ ਵਰਤੋਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਕੀਤੀ ਜਾ ਰਹੀ ਹੈ।

ਕੈਂਬਰਿਜ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਖੋਜਕਰਤਾ ਤ੍ਰਿਸ਼ਾਂਤ ਸਿਮਲਾਈ ਨੇ ਕਿਹਾ, ‘‘ਜੰਗਲੀ ਜੀਵਾਂ ਦੀ ਨਿਗਰਾਨੀ ਕਰਨ ਲਈ ਲਗਾਏ ਕੈਮਰੇ ’ਚ ਕੈਦ ਹੋ ਗਈ ਜੰਗਲ ’ਚ ਪਖਾਨੇ ’ਚ ਜਾ ਰਹੀ ਇਕ ਔਰਤ ਦੀ ਤਸਵੀਰ ਜਾਣਬੁਝ ਕੇ ਪ੍ਰੇਸ਼ਾਨ ਕਰਨ ਲਈ ਸਥਾਨਕ ਫੇਸਬੁੱਕ ਅਤੇ ਵਟਸਐਪ ਗਰੁੱਪਾਂ ’ਚ ਫੈਲਾਈ ਗਈ।’’

ਉਨ੍ਹਾਂ ਕਿਹਾ ਕਿ ਜਦੋਂ ਔਰਤਾਂ ‘ਕੈਮਰਾ ਟ੍ਰੈਪ’ ਦੇਖਦੀਆਂ ਹਨ, ਤਾਂ ਉਹ ਰੁਕਾਵਟ ਮਹਿਸੂਸ ਕਰਦੀਆਂ ਹਨ ਕਿਉਂਕਿ ਉਹ ਨਹੀਂ ਜਾਣਦੀਆਂ ਕਿ ਕੌਣ ਉਨ੍ਹਾਂ ਨੂੰ ਵੇਖ ਰਿਹਾ ਹੈ ਜਾਂ ਸੁਣ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਉਹ ਵੱਖਰੇ ਤਰੀਕੇ ਨਾਲ ਵਿਵਹਾਰ ਕਰਦੀਆਂ ਹਨ, ਅਕਸਰ ਬਹੁਤ ਚੁੱਪ ਹੋ ਜਾਂਦੀਆਂ ਹਨ, ਜਿਸ ਨਾਲ ਉਹ ਖਤਰੇ ’ਚ ਪੈ ਜਾਂਦੀਆਂ ਹਨ।

ਸਿਮਲਾਈ ਨੇ ਕਿਹਾ ਕਿ ਜਿਸ ਔਰਤ ਦੀ ਉਸ ਨੇ ਇੰਟਰਵਿਊ ਲਈ ਸੀ, ਉਸ ਦੀ ਸ਼ੇਰ ਦੇ ਹਮਲੇ ’ਚ ਮੌਤ ਹੋ ਗਈ ਸੀ। ਸਿਮਲਾਈ ਨੇ ਕਿਹਾ, ‘‘ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਜਾਨਵਰਾਂ ’ਤੇ ਨਜ਼ਰ ਰੱਖਣ ਲਈ ਭਾਰਤੀ ਜੰਗਲਾਂ ’ਚ ਲਗਾਏ ਗਏ ਕੈਮਰਾ ਟ੍ਰੈਪ ਦਾ ਅਸਲ ’ਚ ਸਥਾਨਕ ਔਰਤਾਂ ਦੀ ਮਾਨਸਿਕ ਸਿਹਤ ’ਤੇ ਡੂੰਘਾ ਨਕਾਰਾਤਮਕ ਪ੍ਰਭਾਵ ਪਿਆ ਹੈ ਜੋ ਇਨ੍ਹਾਂ ਥਾਵਾਂ ਦੀ ਵਰਤੋਂ ਕਰਦੀਆਂ ਹਨ।’’

ਕੈਮਬ੍ਰਿਜ ਯੂਨੀਵਰਸਿਟੀ ਵਿਚ ਕੰਜ਼ਰਵੇਸ਼ਨ ਸੋਸ਼ਲ ਸਾਇੰਟਿਸਟ ਅਤੇ ਕੰਜ਼ਰਵੇਸ਼ਨ ਐਂਡ ਸੋਸਾਇਟੀ ਦੇ ਪ੍ਰੋਫੈਸਰ ਕ੍ਰਿਸ ਸੈਂਡਬਰੂਕ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਸੁਰੱਖਿਆ ਭਾਈਚਾਰੇ ਵਿਚ ਕਾਫੀ ਹਲਚਲ ਪੈਦਾ ਕਰ ਦਿਤੀ ਹੈ। ਪ੍ਰਾਜੈਕਟਾਂ ਲਈ ਜੰਗਲੀ ਜੀਵਾਂ ਦੀ ਨਿਗਰਾਨੀ ਕਰਨ ਲਈ ਇਨ੍ਹਾਂ ਤਕਨਾਲੋਜੀਆਂ ਦੀ ਵਰਤੋਂ ਕਰਨਾ ਬਹੁਤ ਆਮ ਗੱਲ ਹੈ, ਪਰ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ ਕਿ ਉਹ ਅਣਜਾਣੇ ’ਚ ਨੁਕਸਾਨ ਨਾ ਪਹੁੰਚਾਉਣ।’’

 

Related posts

ਅਮਰੀਕਾ ’ਚ ਭਾਰਤੀ ਦਾ ਵੱਡਾ ਕਾਰਾ! ਕੋਰੋਨਾ ਰਾਹਤ ਦੇ 178 ਕਰੋੜ ਡਕਾਰੇ, ਹੁਣ ਜ਼ਬਤ ਹੋਵੇਗੀ ਸਾਰੀ ਦੌਲਤ

On Punjab

ਕੈਨੇਡਾ ‘ਚ ਹਜ਼ਾਰਾਂ ਅੰਤਰਰਾਸ਼ਟਰੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲਾਗ ਵਿਚ ਫਸਿਆ

On Punjab

Watch Video : ਪਰਿਵਾਰਕ ਵਿਵਾਦ ‘ਚ ਘਿਰੇ ਸਿੱਧੂ, ਵੱਡੀ ਭੈਣ ਨੇ ਲਾਏ ਗੰਭੀਰ ਇਲਜ਼ਾਮ, ਬੋਲੇ- ਪ੍ਰਾਪਰਟੀ ‘ਤੇ ਕਬਜ਼ਾ ਕਰ ਕੇ ਮਾਂ ਨੂੰ ਕੀਤਾ ਬੇਘਰ

On Punjab