ਪਟਿਆਲਾ: ਇਥੋਂ ਨਜ਼ਦੀਕ ਹੀ ਸਥਿਤ ਪਿੰਡ ਬਖਸ਼ੀਵਾਲ਼ਾ ਦੇ ਕੋਲ਼ ਲਾਅ ਯੂਨੀਵਰਸਿਟੀ ਨੇੜੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਦਰਖ਼ਤ ’ਚ ਜਾ ਵੱਜੀ। ਲੰਘੀ ਰਾਤ ਵਾਪਰੇ ਇਸ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਪਛਾਣ 31 ਸਾਲਾ ਜਸ਼ਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ’ਚ ਅਮਨਦੀਪ ਸਿੰਘ ਅਤੇ ਯਾਦੀ ਵਾਸੀਆਨ ਸ਼ੇਰਪੁਰ ਸ਼ਾਮਲ ਹਨ।
ਸੰਪਰਕ ਕਰਨ ’ਤੇ ਥਾਣਾ ਬਖਸ਼ੀਵਾਲ਼ਾ ਦੇ ਐਸਐਚਓ ਸੁਖਦੇਵ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਫੌਜੀ ਸੀ ਅਤੇ ਛੁੱਟੀ ਉਤੇ ਆਇਆ ਹੋਇਆ ਸੀ। ਉਹ ਨਜ਼ਦੀਕ ਹੀ ਸਥਿਤ ਪਿੰਡ ਰੋੜੇਵਾਲ਼ ਵਿਖੇ ਆਪਣੇ ਸਹੁਰੇ ਘਰ ਜਾ ਰਿਹਾ ਸੀ। ਜ਼ਖ਼ਮੀ ਹੋਏ ਦੋਵੇਂ ਨੌਜਵਾਨ ਉਸ ਦੇ ਮਿੱਤਰ ਹਨ।