ਵਡੋਦਰਾ: ਵਡੋਦਰਾ ਹਾਦਸਾ ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਅੱਜ ਤੜਕੇ ਇੱਕ 20 ਸਾਲਾ ਕਾਨੂੰਨ ਦੇ ਵਿਦਿਆਰਥੀ ਦੀ ਤੇਜ਼ ਰਫ਼ਤਾਰ ਕਾਰ ਨੇ ਦੁਪਹੀਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਡਿਪਟੀ ਕਮਿਸ਼ਨਰ ਪੰਨਾ ਮੋਮਾਇਆ ਨੇ ਕਿਹਾ ਕਿ ਇਹ ਹਾਦਸਾ ਕਰੇਲੀਬਾਗ ਖੇਤਰ ਵਿੱਚ ਮੁਕਤਾਨੰਦ ਚੌਰਾਹੇ ਨੇੜੇ ਸਵੇਰੇ 12.30 ਵਜੇ ਦੇ ਕਰੀਬ ਹੋਇਆ, ਜਿਸ ਤੋਂ ਬਾਅਦ ਡਰਾਈਵਰ ਰਕਸ਼ਿਤ ਚੌਰਾਸੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਹੋ ਸਕਦਾ ਹੈ, ਕਿਉਂਕਿ ਮੌਕੇ ’ਤੇ ਚੌਰਾਸੀਆ ਨੂੰ ਫੜਨ ਵਾਲੇ ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਸ਼ੇ ਵਿੱਚ ਦਿਖਾਈ ਦੇ ਰਿਹਾ ਸੀ ਅਤੇ ਕਾਰ ਤੋਂ ਬਾਹਰ ਆਉਣ ਤੋਂ ਬਾਅਦ “ਇੱਕ ਵਾਰ ਹੋਰ, ਇੱਕ ਵਾਰ ਹੋਰ ” ਚੀਕ ਰਿਹਾ ਸੀ। ਮ੍ਰਿਤਕ ਔਰਤ ਦੀ ਪਛਾਣ ਹੇਮਾਲੀ ਪਟੇਲ ਵਜੋਂ ਹੋਈ ਹੈ, ਜੋ ਹਾਦਸੇ ਸਮੇਂ ਆਪਣੀ ਸਕੂਟਰੀ ’ਤੇ ਸਵਾਰ ਸੀ। ਮੋਮਾਇਆ ਨੇ ਦੱਸਿਆ ਕਿ ਚੌਰਸੀਆ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਰਹਿਣ ਵਾਲਾ ਹੈ ਅਤੇ ਕਾਨੂੰਨ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਕਾਰ ਉਸਦੇ ਦੋਸਤ ਮੀਤ ਚੌਹਾਨ ਦੀ ਸੀ, ਜੋ ਕਿ ਨਾਲ ਬੈਠਾ ਸੀ। ਅਧਿਕਾਰੀ ਨੇ ਕਿਹਾ ਕਿ ਚੌਹਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਕ ਚਸ਼ਮਦੀਦ ਗਵਾਹ ਦੁਆਰਾ ਰਿਕਾਰਡ ਕੀਤੇ ਗਏ ਇਕ ਵੀਡੀਓ ਵਿੱਚ ਚੌਹਾਨ ਕਾਰ ਵਿੱਚੋਂ ਬਾਹਰ ਆਉਂਦਾ ਹੈ ਅਤੇ ਹਾਦਸੇ ਲਈ ਚੌਰਸੀਆ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਨਾਲ ਚੌਰਸੀਆ ਜੋ ਕਿ ਨਸ਼ੇ ’ਚ ਦਿਖਾਈ ਦਿੰਦਾ ਹੈ, ਚੀਕਦਾ ਹੈ, “ਇਕ ਵਾਰ ਹੋਰ, ਇਕ ਵਾਰ ਹੋਰ?” ਵੀਡੀਓ ਵਿੱਚ ਚੌਰਸੀਆ ਨੂੰ ਰਾਹਗੀਰਾਂ ਵੱਲੋਂ ਕੁੱਟਿਆ ਜਾ ਰਿਹਾ ਦਿਖਾਇਆ ਗਿਆ ਹੈ, ਜਿਨ੍ਹਾਂ ਨੇ ਬਾਅਦ ਵਿੱਚ ਉਸਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।